post

Jasbeer Singh

(Chief Editor)

Patiala News

ਜ਼ਮੀਨੀ ਝਗੜੇ ’ਚ ਗੋਲੀਆਂ ਚੱਲੀਆਂ, ਪਿਓ-ਪੁੱਤ ਸਣੇ ਤਿੰਨ ਹਲਾਕ

post-img

ਹਲਕਾ ਘਨੌਰ ਅਧੀਨ ਪੈਂਦੇ ਪਿੰਡ ਚਤਰ ਨਗਰ ਵਿਚ ਅੱਜ ਸਵੇਰੇ ਜ਼ਮੀਨੀ ਝਗੜੇ ਦੌਰਾਨ ਹੋਈ ਗੋਲੀਬਾਰੀ ਕਾਰਨ ਪਿਓ-ਪੁੱਤ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਖ਼ਬਰ ਲਿਖੇ ਜਾਣ ਤੱਕ ਜ਼ਖ਼ਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ, ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਅਤੇ ਘਨੌਰ ਦੇ ਡੀਐੱਸਪੀ ਬੂਟਾ ਸਿੰਘ ਸਮੇਤ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚਤਰ ਨਗਰ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੀ ਜ਼ਮੀਨ ਠੇਕੇ ’ਤੇ ਲੈਣ ਸਬੰਧੀ ਪਿੰਡ ਚਤਰ ਨਗਰ ਅਤੇ ਨੌਗਾਵਾਂ ਦੀਆਂ ਦੋ ਧਿਰਾਂ ਵਿਚਾਲੇ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਬੀਤੀ ਰਾਤ ਚਤਰ ਨਗਰ ਵਾਲੀ ਧਿਰ ਨੇ ਜ਼ਮੀਨ ਵਾਹ ਦਿੱਤੀ ਅਤੇ ਸਵੇਰੇ ਨੌਗਾਵਾਂ ਵਾਲੀ ਧਿਰ ਨੇ ਆ ਕੇ ਵੱਟਾਂ ਪਾ ਦਿੱਤੀਆਂ ਜਿਸ ਕਾਰਨ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਪਹਿਲਾਂ ਦੋਵਾਂ ਧਿਰਾਂ ਵਿਚਾਲੇ ਬਹਿਸ ਹੋਈ ਅਤੇ ਮਗਰੋਂ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਦੌਰਾਨ ਨੌਗਾਵਾਂ ਵਾਲੀ ਧਿਰ ਵੱਲੋਂ ਆਏ ਦਿਲਬਾਗ ਸਿੰਘ ਨੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਸਤਵਿੰਦਰ ਸਿੰਘ (32) ਪੁੱਤਰ ਧਰਮ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਦੋਂ ਦਿਲਬਾਗ ਸਿੰਘ ਦੀ ਪਿਸਤੌਲ ’ਚੋਂ ਗੋਲੀਆਂ ਖ਼ਤਮ ਹੋ ਗਈਆਂ ਤਾਂ ਦੂਜੀ ਧਿਰ ਨੇ ਕਹੀਆਂ ਨਾਲ ਦਿਲਬਾਗ ਅਤੇ ਉਸ ਦੇ ਪੁੱਤਰ ’ਤੇ ਹਮਲਾ ਕਰ ਦਿੱਤਾ। ਸਿੱਟੇ ਵਜੋਂ ਦਿਲਬਾਗ ਸਿੰਘ (69) ਪੁੱਤਰ ਗੁਰਮੁੱਖ ਸਿੰਘ ਅਤੇ ਉਸ ਦੇ ਪੁੱਤਰ ਜਸਵਿੰਦਰ ਸਿੰਘ (36) ਉਰਫ਼ ਜੱਸੀ ਦੀ ਮੌਤ ਹੋ ਗਈ। ਇਸ ਝਗੜੇ ਦੌਰਾਨ ਹਰਜਿੰਦਰ ਸਿੰਘ ਉਰਫ਼ ਜਿੰਦਾ (30) ਪੁੱਤਰ ਧਰਮ ਸਿੰਘ ਅਤੇ ਹਰਪ੍ਰੀਤ ਸਿੰਘ (31) ਪੁੱਤਰ ਜਸਮੇਰ ਸਿੰਘ ਵਾਸੀ ਚਤਰ ਨਗਰ ਜ਼ਖ਼ਮੀ ਹੋ ਗਏ। ਘਨੌਰ ਦੇ ਡੀਐੱਸਪੀ ਬੂਟਾ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਹਨ।

Related Post