 
                                             ਪਟਿਆਲਾ ਦੇ ਰੇਲ ਇੰਜਣ ਕਾਰਖਾਨੇ ਵਿਖੇ ਸਵੇਰੇ 11.30 ਵਜੇ ਵੱਜੇਗਾ ਮੌਕ ਡਰਿੱਲ ਵਜੋਂ ਸਾਇਰਨ
- by Jasbeer Singh
- October 30, 2025
 
                              ਪਟਿਆਲਾ ਦੇ ਰੇਲ ਇੰਜਣ ਕਾਰਖਾਨੇ ਵਿਖੇ ਸਵੇਰੇ 11.30 ਵਜੇ ਵੱਜੇਗਾ ਮੌਕ ਡਰਿੱਲ ਵਜੋਂ ਸਾਇਰਨ -ਪਟਿਆਲਾ ਲੋਕੋਮੋਟਿਵ ਵਰਕਸ਼ਾਪ ਵਿਖੇ ਨਵੇਂ ਲਾਏ ਐਮਰਜੈ਼ਂਸੀ ਸਾਇਰਨ ਦੀ 8 ਕਿਲੋਮੀਟਰ ਤੱਕ ਸੁਣੇਗੀ ਅਵਾਜ਼ ਪਟਿਆਲਾ, 31 ਅਕਤੂਬਰ 2025 : ਪਟਿਆਲਾ ਦੇ ਰੇਲ ਇੰਜਣ ਕਾਰਖਾਨੇ ਵਿਖੇ 31 ਅਕਤੂਬਰ ਨੂੰ ਸਵੇਰੇ 11.30 ਸਾਇਰਨ ਵਜਾ ਕੇ ਮੌਕ ਡ੍ਰਿਲ ਕੀਤੀ ਜਾਵੇਗੀ । ਇਹ ਮੌਕ ਅਭਿਆਸ ਕੇਵਲ ਸਿਵਲ ਡਿਫੈਂਸ ਤਿਆਰੀ ਨੂੰ ਮਜ਼ਬੂਤ ਕਰਨ ਲਈ ਇੱਕ ਸਰਗਰਮ ਕਦਮ ਵਜੋਂ, ਕੀਤੀ ਜਾਵੇਗੀ । ਇਸ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਲੋਕੋਮੋਟਿਵ ਵਰਕਸ਼ਾਪ ਦੇ ਫੈਕਟਰੀ ਮੈਨੇਜਰ ਨਿਸ਼ਾਂਤ ਬੰਸੀਵਾਲ ਨੇ ਦੱਸਿਆ ਕਿ ਪਟਿਆਲਾ ਦੇ ਰੇਲ ਕਾਰਖਾਨੇ ਵਿਖੇ ਥ੍ਰੀ ਫੇਜ਼ 5 ਐਚਪੀ ਇਲੈਕਟ੍ਰਿਕ ਸਾਇਰਨ ਨਵਾਂ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਈ ਮਹੀਨੇ ਦੌਰਾਨ ਉਪਰੇਸ਼ਨ ਸਿੰਧੂਰ ਮੌਕੇ ਇਸ ਖੇਤਰ ਵਿਖੇ ਇੱਕ ਵੱਡੇ ਸਾਇਰਨ ਦੀ ਲੋੜ ਮਹਿਸੂਸ ਕੀਤੀ ਗਈ ਸੀ, ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਮੁਤਾਬਕ ਇਹ ਨਵਾਂ ਸਾਇਰਨ ਲਗਾਇਆ ਗਿਆ ਹੈ। ਰੇਲ ਫੈਕਟਰੀ ਮੈਨੇਜਰ ਮੁਤਾਬਕ ਹੁਣ ਜਦੋਂ ਇਹ ਸਾਇਰਨ ਲਗਾ ਦਿਤਾ ਗਿਆ ਹੈ ਤਾਂ ਇਸ ਦੀ ਮੌਕ ਡਰਿੱਲ ਕੀਤੀ ਜਾਵੇਗੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ 31 ਅਕਤੂਬਰ ਨੂੰ ਸਵੇਰੇ 11.30 ਵਜਾ ਕੇ ਟੈਸਟਿੰਗ ਕੀਤੀ ਜਾਵੇਗੀ, ਤਾਂ ਕਿ ਭਵਿੱਖ ਵਿੱਚ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਲੋਕਾਂ ਨੂੰ ਸੁਚੇਤ ਕਰਨ ਲਈ ਇਸ ਸਾਇਰਨ ਨੂੰ ਵਜਾਇਆ ਜਾ ਸਕੇ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਹੁਣ ਮੌਕ ਡਰਿੱਲ ਸਮੇਂ ਇਸ ਨੂੰ ਇੱਕ ਟੈਸਟਿੰਗ ਵਜੋਂ ਹੀ ਲਿਆ ਜਾਵੇ ਨਾ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਫੈਲਾਈ ਜਾਵੇ ਜਾਂ ਕਿਸੇ ਅਫ਼ਵਾਹ ਉਪਰ ਵਿਸ਼ਵਾਸ਼ ਕੀਤਾ ਜਾਵੇ । ਇਸ ਦਾ ਕੇਵਲ ਤੇ ਕੇਵਲ ਮੰਤਵ ਬਚਾਅ ਏਜੰਸੀਆਂ ਅਤੇ ਸਿਵਲ ਪ੍ਰਸ਼ਾਸਨ ਵਿਚਕਾਰ ਤਾਲਮੇਲ ਦਾ ਮੁਲਾਂਕਣ ਕਰਨ ਲਈ ਇੱਕ ਜਨਤਕ ਖੇਤਰ ਵਿੱਚ ਐਮਰਜੈਂਸੀ ਸਥਿਤੀਆਂ ਦੀ ਨਕਲ ਕਰਨ ਸਮੇਤ ਸਿਵਲ ਡਿਫੈਂਸ ਤੇ ਹੋਮ ਗਾਰਡਜ਼ ਦੀਆਂ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀਆਂ ਦਾ ਮੁਲਾਂਕਣ ਕਰਨ ਲਈ ਇੱਕ ਵਿਆਪਕ ਪਹਿਲਕਦਮੀ ਦਾ ਹਿੱਸਾ ਹੈ । ਇਹ ਕੇਵਲ ਗ੍ਰਹਿ ਮੰਤਰਾਲੇ ਤੇ ਡਾਇਰੈਕੋਰੇਟ ਜਨਰਲ ਆਫ਼ ਫਾਇਰ ਸਰਵਿਸ, ਨਾਗਰਿਕ ਸੁਰੱਖਿਆ ਤੇ ਹੋਮ ਗਾਰਡਜ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਇਹ ਅਭਿਆਸ ਪਹਿਲਾਂ ਤੋਂ ਯੋਜਨਾਬੱਧ ਹੈ । ਇਸੇ ਦੌਰਾਨ ਰੇਲ ਫੈਕਟਰੀ ਦੇ ਸੇਫਟੀ ਅਫ਼ਸਰ ਰਾਮ ਸਿੰਘ ਨੇ ਦੱਸਿਆ ਕਿ ਇਸ ਸਾਇਰਨ ਨੂੰ ਟੈਸਟਿੰਗ ਰਾਹੀਂ ਵਜਾਉਣ ਦਾ ਉਦੇਸ਼ ਕੇਵਲ ਐਮਰਜੈਂਸੀ ਸਥਿਤੀਆਂ ਨੂੰ ਨਿਯੰਤਰਿਤ ਅਤੇ ਅਜਿਹੀਆਂ ਸਥਿਤੀਆਂ ਦੀ ਸੁਰੱਖਿਅਤ ਢੰਗ ਨਾਲ ਨਕਲ ਕਰਨਾ ਹੈ ਤਾਂ ਜੋ ਨਾਗਰਿਕ ਅਤੇ ਪ੍ਰਸ਼ਾਸਨ ਦੋਵੇਂ ਅਸਲ ਸੰਕਟ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਬਿਹਤਰ ਢੰਗ ਨਾਲ ਤਿਆਰ ਹੋਣ, ਇਸ ਲਈ ਸਾਇਰਨ ਵੱਜਦੇ ਸਮੇਂ ਕਿਸੇ ਵੀ ਤਰ੍ਹਾਂ ਘਬਰਾਓਣ ਦੀ ਲੋੜ ਨਹੀਂ ਹੈ । ਉਨ੍ਹਾਂ ਕਿਹਾ ਕਿ ਅਜਿਹੀਆਂ ਮੌਕ ਡਰਿੱਲ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ, ਇਸ ਲਈ ਕਿਸੇ ਨਾਗਰਿਕ ਨੂੰ ਕਿਸੇ ਵੀ ਤਰ੍ਹਾਂ ਡਰਨ ਜਾ ਘਬਰਾਹਟ ਵਿੱਚ ਆਉਣ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਕੇਵਲ ਇੱਕ ਅਭਿਆਸ ਹੈ ਜੋ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਵਜੋਂ ਹੀ ਕੀਤਾ ਜਾ ਰਿਹਾ ਹੈ ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     