
ਕੇਂਦਰੀ ਜੇਲ੍ਹ ਪਟਿਆਲਾ ਦੀ ਅੰਡਰਟ੍ਰਾਇਲ ਮਹਿਲਾ ਬੰਦੀ ਸੋਨੀਆ ਨੂੰ ਮਿਲਿਆ 'ਤਿਨਕਾ-ਤਿਨਕਾ ਬੰਦਨੀ ਅਵਾਰਡ 2024' ਦਾ ਵਕਾਰੀ
- by Jasbeer Singh
- December 19, 2024

ਕੇਂਦਰੀ ਜੇਲ੍ਹ ਪਟਿਆਲਾ ਦੀ ਅੰਡਰਟ੍ਰਾਇਲ ਮਹਿਲਾ ਬੰਦੀ ਸੋਨੀਆ ਨੂੰ ਮਿਲਿਆ 'ਤਿਨਕਾ-ਤਿਨਕਾ ਬੰਦਨੀ ਅਵਾਰਡ 2024' ਦਾ ਵਕਾਰੀ ਸਨਮਾਨ-ਵਰੁਣ ਸ਼ਰਮਾ ਪਟਿਆਲਾ, 19 ਦਸੰਬਰ : ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਵਰੁਣ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਜੇਲ੍ਹ ਦੀ ਇੱਕ ਅੰਡਰਟ੍ਰਾਇਲ ਮਹਿਲਾ ਬੰਦੀ ਸੋਨੀਆ ਪਤਨੀ ਮਾਨ ਸਿੰਘ ਨੂੰ ਤਿਨਕਾ-ਤਿਨਕਾ ਫਾਊਂਡੇਸ਼ਨ ਵੱਲੋਂ 'ਤਿਨਕਾ-ਤਿਨਕਾ ਬੰਦਨੀ ਅਵਾਰਡ 2024' ਨਾਲ ਸਨਮਾਨਤ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਸੋਨੀਆ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਦੇ ਮੌਕੇ ਮਿਤੀ 10 ਦਸੰਬਰ 2024 ਨੂੰ ਸਨਮਾਨਤ ਕੀਤਾ ਗਿਆ ਹੈ । ਵਰੁਣ ਸ਼ਰਮਾ ਨੇ ਦੱਸਿਆ ਕਿ ਸੋਨੀਆ ਨੂੰ ਇਹ ਵਕਾਰੀ ਸਨਮਾਨ ਉਸ ਨੂੰ ਜੇਲ੍ਹ ਅੰਦਰ ਆਪਣੇ ਸਾਥੀ ਬੰਦੀ ਔਰਤਾਂ ਦੇ ਜੀਵਨ ਨੂੰ ਸਕਾਰਾਤਮਕ ਅਤੇ ਉਸਾਰੂ ਸੋਚ ਤੇ ਸੇਧ ਦੇਣ ਦੀ ਪ੍ਰਕਿਰਿਆ ਵਿੱਚ ਵਿਲੱਖਣ ਯੋਗਦਾਨ ਪਾਉਣ ਲਈ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਹ ਅਵਾਰਡ ਜੇਲ੍ਹਾਂ ਵਿੱਚ ਬੰਦ ਹਜਾਰਾਂ ਕੈਦੀ ਔਰਤਾਂ ਨੂੰ ਆਪਣਾ ਹੁਨਰ ਦਿਖਾਉਣ ਅਤੇ ਜੇਲ੍ਹ ਵਿੱਚੋਂ ਰਿਹਾਈ ਤੋ ਬਾਅਦ ਸਮਾਜ ਵਿੱਚ ਪੁਨਰਵਾਸ ਕਰਨ ਅਤੇ ਆਪਣੀ ਰੋਜੀ ਰੋਟੀ ਕਮਾਉਣ ਲਈ ਪ੍ਰੇਰਿਤ ਕਰਦਾ ਹੈ । ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ ਨੇ ਦੱਸਿਆ ਕਿ ਇਸ ਅਵਾਰਡ ਨੇ ਕੇਂਦਰੀ ਜੇਲ੍ਹ ਦੇ ਬੰਦੀਆਂ ਦਾ ਨਾ ਸਿਰਫ਼ ਮਨੋਬਲ ਵਧਾਇਆ ਹੈ ਸਗੋਂ ਜੇਲ੍ਹ ਦੇ ਅੰਦਰ ਇੱਕ ਤਬਦੀਲੀ ਵਾਲੇ ਮਾਹੌਲ ਨੂੰ ਵੀ ਉਤਸ਼ਾਹਿਤ ਕੀਤਾ ਹੈ । ਇਸ ਪ੍ਰਾਪਤੀ ਬਾਰੇ ਵਰੁਣ ਸ਼ਰਮਾ ਨੇ ਕਿਹਾ ਕਿ ਸੋਨੀਆ ਦਾ ਆਪਣੇ ਸਾਥੀ ਕੈਦੀਆਂ ਦੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪਾਉਣ ਦਾ ਸਮਰਪਣ ਸ਼ਲਾਘਾਯੋਗ ਹੈ । ਜਿਕਰਯੋਗ ਹੈ ਕਿ ਤਿਨਕਾ-ਤਿਨਕਾ ਫਾਊਂਡੇਸ਼ਨ ਬੰਦੀਆਂ ਲਈ ਇੱਕ ਪ੍ਰੇਰਨਾ ਦੇ ਰੂਪ ਵਿੱਚ ਕੰਮ ਕਰਦੀ ਹੈ ਅਤੇ ਉਸਾਰੂ ਪਹਿਲਕਦਮੀਆਂ ਦੁਆਰਾ ਮੁੜ ਵਸੇਬੇ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ, ਜਿਸਦਾ ਉਦੇਸ਼ ਕੈਦੀਆਂ, ਜੇਲ੍ਹ ਸਟਾਫ ਅਤੇ ਸੰਸਥਾਵਾਂ ਨੂੰ ਮਾਨਤਾ ਦੇਣਾ ਹੈ ਜੋ ਜੇਲ੍ਹਾਂ ਦੇ ਅੰਦਰ ਮਨੁੱਖੀ ਅਧਿਕਾਰਾਂ, ਰਚਨਾਤਮਕਤਾ ਅਤੇ ਪੁਨਰਵਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ । ਵਰੁਣ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਜੇਲ੍ਹ ਦੀ ਮਹਿਲਾ ਬੰਦੀ ਸੋਨੀਆ ਨੂੰ ਅਵਾਰਡ ਮਿਲਣਾ ਕੇਂਦਰੀ ਜੇਲ੍ਹ ਪਟਿਆਲਾ ਦੀ ਮਨੁੱਖੀ ਅਧਿਕਾਰਾਂ ਨੂੰ ਕਾਇਮ ਰੱਖਣ ਅਤੇ ਇਸ ਦੇ ਕੈਦੀਆਂ ਲਈ ਮੁੜ ਵਸੇਬੇ ਦੇ ਮਾਹੌਲ ਨੂੰ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਦਾ ਹੈ। ਜੇਲ੍ਹ ਸੁਪਰਡੈਂਟ ਵੱਲੋਂ ਸੋਨੀਆ ਨੂੰ ਇਸ ਅਵਾਰਡ ਦਾ ਸਰਟੀਫਿਕੇਟ ਸੌਂਪਣ ਸਮੇਂ ਵਧੀਕ ਸੁਪਰਡੈਂਟ ਹਰਚਰਨ ਸਿੰਘ ਗਿੱਲ, ਡਿਪਟੀ ਸੁਪਰਡੈਂਟ ਜੈਦੀਪ ਸਿੰਘ ਤੇ ਸਹਾਇਕ ਸੁਪਰਡੈਂਟ ਗੁਰਜਿੰਦਰ ਕੌਰ ਸਮੇਤ ਹੋਰ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.