ਪੋਲਿੰਗ ਸਟੇਸ਼ਨਾਂ ਉੱਤੇ 9 ਅਤੇ 10 ਨਵੰਬਰ ਨੂੰ ਲੱਗਣਗੇ ਸਪੈਸ਼ਲ ਕੈਂਪ : ਜ਼ਿਲ੍ਹਾ ਚੋਣ ਅਫਸਰ
- by Jasbeer Singh
- November 8, 2024
ਪੋਲਿੰਗ ਸਟੇਸ਼ਨਾਂ ਉੱਤੇ 9 ਅਤੇ 10 ਨਵੰਬਰ ਨੂੰ ਲੱਗਣਗੇ ਸਪੈਸ਼ਲ ਕੈਂਪ : ਜ਼ਿਲ੍ਹਾ ਚੋਣ ਅਫਸਰ ਸੰਗਰੂਰ, 8 ਨਵੰਬਰ : ਜ਼ਿਲ੍ਹਾ ਚੋਣ ਅਫਸਰ- ਕਮ- ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਬੂਥ ਲੈਵਲ ਅਫਸਰਾਂ ਵੱਲੋਂ 9 ਨਵੰਬਰ, 10 ਨਵੰਬਰ, 23 ਨਵੰਬਰ ਅਤੇ 24 ਨਵੰਬਰ ਨੂੰ ਆਪਣੇ ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨਾਂ ਉੱਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ । ਉਹਨਾਂ ਨੇ ਜ਼ਿਲ੍ਹਾ ਸੰਗਰੂਰ ਦੇ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕੋਈ ਵੀ ਯੋਗ ਵਿਅਕਤੀ, ਜਿਸ ਦੀ ਉਮਰ 1 ਜਨਵਰੀ 2025 ਨੂੰ 18 ਸਾਲ ਪੂਰੀ ਹੋ ਜਾਂਦੀ ਹੈ ਅਤੇ ਉਸਦਾ ਨਾਮ, ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸ਼ਾਮਿਲ ਨਹੀਂ ਹੈ, ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਿਲ ਕਰਵਾਉਣ ਲਈ ਫਾਰਮ ਨੰਬਰ 6 ਭਰ ਕੇ ਬਤੌਰ ਵੋਟਰ ਰਜਿਸਟਰ ਹੋ ਸਕਦਾ ਹੈ । ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2025 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੋ ਕਿ 28 ਨਵੰਬਰ ਤੱਕ ਜਾਰੀ ਰਹੇਗਾ । ਸੰਦੀਪ ਰਿਸ਼ੀ ਨੇ ਦੱਸਿਆ ਕਿ ਵੋਟਰ ਸੂਚੀ ਵਿੱਚ ਸ਼ਾਮਿਲ ਨਾਮ ਬਾਰੇ ਇਤਰਾਜ ਜਾਂ ਵੋਟ ਕਟਵਾਉਣ ਤੇ ਦਰੁਸਤੀ ਲਈ ਫਾਰਮ ਨੰਬਰ 7 ਭਰਿਆ ਜਾ ਸਕਦਾ ਹੈ ਜਦਕਿ ਡੁਪਲੀਕੇਟ ਵੋਟਰ ਕਾਰਡ ਲਈ ਫਾਰਮ ਨੰਬਰ 8 ਭਰ ਕੇ ਬੂਥ ਲੈਵਲ ਅਧਿਕਾਰੀ ਜਾਂ ਸਹਾਇਕ ਚੋਣ ਰਜਿਸਟਰੇਸ਼ਨ ਅਫਸਰ ਦੇ ਦਫਤਰ ਜਾਂ ਵੋਟਰ ਹੈਲਪ ਲਾਈਨ ਐਪ ਜਾਂ ਐਨ. ਵੀ. ਐਸ. ਪੀ. ਪੋਰਟਲ ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ।
