
ਸੇਂਟ ਸਟੀਫਨ ਕਾਲਜ ਤੇ ਮਯੂਰ ਵਿਹਾਰ ਸਕੂਲ ਨੂੰ ਮਿਲੀ ਬੰਬ ਦੀ ਧਮਕੀ ਵਾਲੀ ਈਮੇਲ
- by Jasbeer Singh
- February 7, 2025

ਸੇਂਟ ਸਟੀਫਨ ਕਾਲਜ ਤੇ ਮਯੂਰ ਵਿਹਾਰ ਸਕੂਲ ਨੂੰ ਮਿਲੀ ਬੰਬ ਦੀ ਧਮਕੀ ਵਾਲੀ ਈਮੇਲ ਨਵੀਂ ਦਿੱਲੀ, 7 ਫਰਵਰੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਇੱਕ ਪ੍ਰਮੁੱਖ ਕਾਲਜ ਸੇਂਟ ਸਟੀਫਨ ਕਾਲਜ ਅਤੇ ਸਕੂਲ ਨੂੰ ਸ਼ੁੱਕਰਵਾਰ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਦਿੱਤੀ ਗਈ ਹੈ । ਪੁਲਸ ਨੇ ਫੌਰੀ ਹਰਕਤ ਵਿੱਚ ਆਉਂਦੇ ਹੋਏ ਬੰਬ ਨਕਾਰਾ ਯੂਨਿਟਾਂ ਅਤੇ ਕੁੱਤਿਆਂ ਦੇ ਦਸਤੇ ਨੂੰ ਕੰਪਲੈਕਸ ਦੀ ਤਲਾਸ਼ੀ ਦੇ ਕੰਮ ਉੱਤੇ ਲਗਾਇਆ ਹੈ । ਧਮਕੀ ਵਾਲੀਆਂ ਈਮੇਲਾਂ ਦਿੱਲੀ ਯੂਨੀਵਰਸਿਟੀ ਦੇ ਇਕ ਹਿੱਸੇ ਵਾਲੇ ਸੇਂਟ ਸਟੀਫਨ ਕਾਲਜ ਅਤੇ ਮਯੂਰ ਵਿਹਾਰ ਦੇ ਅਹਲਕਨ ਇੰਟਰਨੈਸ਼ਨਲ ਸਕੂਲ ਨੂੰ ਭੇਜੀਆਂ ਗਈਆਂ ਸਨ। ਪੁਲਸ ਅਧਿਕਾਰੀ ਨੇ ਕਿਹਾ ਕਿ ਸਵੇਰੇ 7.42 ਵਜੇ ਸੇਂਟ ਸਟੀਫਨ ਕਾਲਜ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਸਬੰਧੀ ਪਤਾ ਲੱਗਦਿਆਂ ਹੀ ਬੰਬ ਨਕਾਰਾ ਅਤੇ ਕੁੱਤਿਆਂ ਦੇ ਦਸਤੇ ਮੌਕੇ ਉੱਤੇ ਪਹੁਚੇ ਅਤੇ ਪੂਰੇ ਕੰਪਲੈਕਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ । ਪੂਰਬੀ ਦਿੱਲੀ ਜਿਲ੍ਹੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਯੂਰ ਵਿਹਾਰ ਫੇਜ਼ 1 ਵਿੱਚ ਸਥਿਤ ਅਹਲਕਨ ਇੰਟਰਨੈਸ਼ਨਲ ਸਕੂਲ ਦੇ ਅਧਿਕਾਰੀਆਂ ਨੇ ਸਵੇਰੇ 6.40 ਵਜੇ ਦੇ ਕਰੀਬ ਪੁਲਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਇਮਾਰਤ ਵਿੱਚ ਬੰਬ ਹੋਣ ਬਾਰੇ ਇੱਕ ਈਮੇਲ ਮਿਲੀ ਸੀ ।