
ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਨੂੰਨ ਬਨਣਾ ਚਾਹੀਦਾ: ਬਾਬਾ ਬਲਬੀਰ ਸਿੰਘ 96 ਕਰੋੜੀ
- by Jasbeer Singh
- June 15, 2025
-1750001250.png)
ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਨੂੰਨ ਬਨਣਾ ਚਾਹੀਦਾ: ਬਾਬਾ ਬਲਬੀਰ ਸਿੰਘ 96 ਕਰੋੜੀ ਸਮਾਣਾ:- 15 ਜੂਨ ( ) ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਪੰਜਾਬ ਕਈ ਸਾਲਾਂ ਤੋਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦਰਦ ਸਹਾਰ ਰਿਹਾ ਹੈ। ਨਿਰੰਤਰ ਹੋ ਰਹੀਆਂ ਇਹਨਾਂ ਬੇਅਦਬੀਆਂ ਦਾ ਮੁੱਖ ਕਾਰਨ ਸਖ਼ਤ ਸਜ਼ਾ ਦੇਣ ਲਈ ਕਾਨੂੰਨ ਦੀ ਅਣਹੋਂਦ ਹੈ। ਜਿਸ ਕਾਰਨ ਬੇਅਦਬੀਆਂ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦੇ ਹੌਸਲੇ ਵਧੇ ਹੋਏ ਹਨ। ਜਦੋਂ ਕਿਤੇ ਵੀ, ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ, ਉਸਦੀ ਸਜ਼ਾ ਏਨੀ ਬੇਮਿਸਾਲ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਣ। ਉਨ੍ਹਾਂ ਕਿਹਾ ਭਾਰਤ ਦਾ ਸੰਵਿਧਾਨ ਅਜਿਹੇ ਸੰਵੇਦਨਸ਼ੀਲ ਮਸਲੇ ਤੇ ਸਟੇਟ ਐਕਟ ਬਨਾਉਣ ਦਾ ਅਧਿਕਾਰ ਪੰਜਾਬ ਸਰਕਾਰ ਨੂੰ ਦਿੰਦਾ ਹੈ। ਉਨ੍ਹਾਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਸਖ਼ਤ ਕਨੂੰਨ ਬਨਾਉਣ ਦੀ ਮੰਗ ਨੂੰ ਲੈ ਕੇ 12 ਅਕਤੂਬਰ 2024 ਤੋਂ ਭਾਈ ਗੁਰਜੀਤ ਸਿੰਘ ਖਾਲਸਾ ਸਮਾਣਾ ਦੇ 400 ਫੁੱਟ ਉੱਚੇ ਟਾਵਰ ਉੱਤੇ ਮੋਰਚਾ ਲਗਾਈ ਬੈਠਾ ਹੈ। ਪਤਾ ਲੱਗਾ ਹੈ 11 ਜਨਵਰੀ ਤੋਂ ਉਸ ਨੇ ਰੋਟੀ ਖਾਣੀ ਵੀ ਤਿਆਗ ਦਿੱਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਸਾਜਿਸ਼ ਘਾੜਿਆਂ ਲਈ ਬੇਮਿਸਾਲ ਸਜ਼ਾ ਦਾ ਕਾਨੂੰਨ ਪੰਜਾਬ ਸਰਕਾਰ ਖਾਸ ਕੇਂਦਰ ਸਰਕਾਰ ਨੂੰ ਬਨਾਉਣਾ ਚਾਹੀਦਾ ਹੈ, ਤਾਂ ਜੋ ਇਸ ਤਰ੍ਹਾਂ ਮੰਗ ਲੈ ਕੇ ਕਿਸੇ ਟਾਵਰ ਤੇ ਚੜ੍ਹ ਆਪਣੀ ਕੀਮਤੀ ਜ਼ਿੰਦਗੀ ਨਾ ਗਵਾਉਣੀ ਪਵੇ।