
ਝੋਨੇ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਕਿਸਾਨਾਂ ਨੂੰ ਢੁਕਵੇਂ ਹੱਲ ਸੁਝਾਏ
- by Jasbeer Singh
- July 1, 2025

ਝੋਨੇ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਕਿਸਾਨਾਂ ਨੂੰ ਢੁਕਵੇਂ ਹੱਲ ਸੁਝਾਏ -ਖੇਤੀਬਾੜੀ ਮਾਹਰਾਂ ਦੀ ਟੀਮ ਨੇ ਸਿੱਧੀ ਬਿਜਾਈ ਵਾਲੇ ਪਲਾਟਾਂ ਦਾ ਕੀਤਾ ਦੌਰਾ -ਕੇ. ਵੀ. ਕੇ. ਵੱਲੋਂ ਫੂਡ ਐਂਡ ਐਗਰੀਕਲਚਰ ਆਰਗਨਾਈਜ਼ੇਸ਼ਨ ਨਾਲ ਸਾਂਝੇ ਪ੍ਰੋਜੈਕਟ ਅਧੀਨ ਕਿਸਾਨ ਸਿਖਲਾਈ ਕੈਂਪ ਪਟਿਆਲਾ, 1 ਜੁਲਾਈ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐਫਏਓ) ਨਾਲ ਮਿਲ ਕੇ ਜੀ.ਈ.ਐਫ 7 ਪ੍ਰੋਜੈਕਟ ਅਧੀਨ ਚੁਣੇ ਹੋਏ ਬਲਾਕ ਸਨੌਰ ਦੇ ਪਿੰਡ ਭਾਨਰੀ ਵਿਖੇ ਝੋਨੇ ਦੀ ਸਿੱਧੀ ਬਿਜਾਈ ’ਚ ਸੁਚੱਜੇ ਖੇਤੀ ਅਭਿਆਸਾਂ 'ਤੇ ਇੱਕ ਦਿਨਾਂ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ ਨੂੰ ਝੋਨੇ ਦੀ ਉਤਪਾਦਕਤਾ ਅਤੇ ਮਿੱਟੀ ਦੀ ਸਿਹਤ ਨੂੰ ਵਧਾਉਣ ਲਈ ਟਿਕਾਊ ਖੇਤੀਬਾੜੀ ਅਭਿਆਸਾਂ ਬਾਰੇ ਜਾਣਕਾਰੀ ਦੇਣਾ ਸੀ। ਡਿਪਟੀ ਡਾਇਰੈਕਟਰ (ਟ੍ਰੇਨਿੰਗ) ਡਾ. ਹਰਦੀਪ ਸਿੰਘ ਸਭਿਖੀ ਨੇ ਝੋਨੇ ਵਿਚ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਦੇ ਢੁਕਵੇਂ ਹੱਲ ਸੁਝਾਏ। ਉਨ੍ਹਾਂ ਕੀੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਵੱਧ ਤੋਂ ਵੱਧ ਜੁੜਨ ਲਈ ਅਤੇ ਖੇਤੀ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ । ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਪਰਖ ਦੇ ਮਹੱਤਵ ਬਾਰੇ ਦੱਸਦਿਆਂ ਖਾਦਾਂ ਅਤੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਝੋਨੇ ਦੀ ਫ਼ਸਲ ਵਿੱਚ ਨਦੀਨਾਂ ਦੇ ਸੁਚੱਜੇ ਪ੍ਰਬੰਧ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਸਮੇਂ ਸਿਰ ਸਹੀ ਮਾਤਰਾ ਅਤੇ ਸਹੀ ਢੰਗ ਨਾਲ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ। ਅਖੀਰ ਵਿੱਚ ਸਿੱਧੀ ਬਿਜਾਈ ਦੇ ਪ੍ਰਦਰਸ਼ਨੀ ਪਲਾਟਾਂ ਦਾ ਦੌਰਾ ਕੀਤਾ ਗਿਆ । ਇਸ ਮੌਕੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਗੁਰਿੰਦਰ ਸਿੰਘ, ਹਰਵਿੰਦਰ ਸਿੰਘ, ਨਰਿੰਦਰਪਾਲ ਸਿੰਘ, ਬਲਜਿੰਦਰ ਸਿੰਘ, ਰਮਨਦੀਪ ਸਿੰਘ ਅਤੇ ਪ੍ਰਦੀਪ ਸਿੰਘ ਵੱਲੋਂ ਮਾਹਿਰਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ ।