
ਸਿੱਖਾਂ ’ਤੇ ਚੁਟਕਲਿਆਂ ਵਾਲੀਆਂ ਸਾਈਟਾਂ ’ਤੇ ਪਾਬੰਦੀ ਲਾਉਣ ਵਾਲੀ ਪਟੀਸ਼ਨ ਸੁਣੇਗੀ ਸੁਪਰੀਮ ਕੋਰਟ
- by Jasbeer Singh
- November 22, 2024

ਸਿੱਖਾਂ ’ਤੇ ਚੁਟਕਲਿਆਂ ਵਾਲੀਆਂ ਸਾਈਟਾਂ ’ਤੇ ਪਾਬੰਦੀ ਲਾਉਣ ਵਾਲੀ ਪਟੀਸ਼ਨ ਸੁਣੇਗੀ ਸੁਪਰੀਮ ਕੋਰਟ ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉੱਚ ਤੇ ਮਾਨਯੋਗ ਅਦਾਲਤ ਨੇ ਦੱਸਿਆ ਕਿ ਉਹ ਸਿੱਖਾਂ ਬਾਰੇ ਚੁਟਕਲੇ ਦਿਖਾਉਣ ਵਾਲੀਆਂ ਵੈੱਬਸਾਈਟਾਂ ’ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਅੱਠ ਹਫ਼ਤਿਆਂ ਬਾਅਦ ਸੁਣਵਾਈ ਕਰੇਗੀ । ਇਨ੍ਹਾਂ ਵੈਬਸਾਈਟਾਂ ’ਤੇ ਸਿੱਖਾਂ ਦਾ ਅਕਸ ਵਿਗਾੜਨ ਦੇ ਦੋਸ਼ ਲਗਾਏ ਗਏ ਹਨ । ਜਸਟਿਸ ਬੀਆਰ ਗਵੱਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਇਹ ਮਹੱਤਵਪੂਰਨ ਮਾਮਲਾ ਹੈ । ਪਟੀਸ਼ਨਰ ਹਰਵਿੰਦਰ ਚੌਧਰੀ ਨੇ ਬੈਂਚ ਨੂੰ ਸੂਚਿਤ ਕੀਤਾ ਕਿ ਉਹ ਇਸ ਮਾਮਲੇ ਵਿੱਚ ਆਪਣੇ ਸੁਝਾਅ ਤੇ ਹੋਰ ਧਿਰਾਂ ਦੇ ਸੁਝਾਅ ਛੋਟੇ ਸੰਗ੍ਰਹਿ ਵਜੋਂ ਪੇਸ਼ ਕਰੇਗੀ । ਬੈਂਚ ਨੇ ਉਸ ਨੂੰ ਅੱਠ ਹਫ਼ਤਿਆਂ ਦਾ ਸਮਾਂ ਦਿੰਦਿਆਂ ਇਸ ਮਾਮਲੇ ਨੂੰ ਸੂਚੀਬੱਧ ਕੀਤਾ। ਸੁਣਵਾਈ ਮੌਕੇ ਹਰਵਿੰਦਰ ਚੌਧਰੀ ਨੇ ਸਿੱਖ ਭਾਈਚਾਰੇ ਦੀਆਂ ਔਰਤਾਂ ਦੀਆਂ ਸ਼ਿਕਾਇਤਾਂ ਉਜਾਗਰ ਕੀਤੀਆਂ । ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਦੇ ਪਹਿਰਾਵੇ ਦਾ ਮਜ਼ਾਕ ਉਡਾਇਆ ਜਾਂਦਾ ਸੀ ਤੇ ਉਨ੍ਹਾਂ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ । ਪਟੀਸ਼ਨਰ ਨੇ ਘਟਨਾ ਦਾ ਹਵਾਲਾ ਦਿੱਤਾ, ਜਿਸ ਵਿੱਚ ਲੜਕੇ ਨੇ ਕਥਿਤ ਤੌਰ ’ਤੇ ਸਕੂਲ ਵਿੱਚ ਧੱਕੇਸ਼ਾਹੀ ਹੋਣ ਕਾਰਨ ਖ਼ੁਦਕੁਸ਼ੀ ਕਰ ਲਈ ਸੀ ।