ਚਾਈਨਾ ਡੋਰ ‘ਤੇ ਪਾਬੰਦੀ ਲਾਗੂ ਕਰਨ ਲਈ ਰਾਜਪੁਰਾ ‘ਚ ਅਚਾਨਕ ਜਾਂਚ
- by Jasbeer Singh
- January 15, 2026
ਚਾਈਨਾ ਡੋਰ ‘ਤੇ ਪਾਬੰਦੀ ਲਾਗੂ ਕਰਨ ਲਈ ਰਾਜਪੁਰਾ ‘ਚ ਅਚਾਨਕ ਜਾਂਚ ਚਾਈਨਾ ਡੋਰ ਦੇ ਨੁਕਸਾਨਾਂ ਬਾਰੇ ਬੱਚਿਆਂ ਅਤੇ ਮਾਪਿਆਂ ਨੂੰ ਕੀਤਾ ਜਾਗਰੂਕ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਰਾਜਪੁਰਾ/ਪਟਿਆਲਾ , 15 ਜਨਵਰੀ 2026 : ਚੇਅਰਪਰਸਨ/ਮੈਂਬਰ ਸਕੱਤਰ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਰੀਜਨਲ ਦਫ਼ਤਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਵੱਲੋਂ ਮਿਊਂਸਿਪਲ ਕੌਂਸਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਚਾਈਨਾ ਡੋਰ ‘ਤੇ ਲੱਗੀ ਪਾਬੰਦੀ ਨੂੰ ਲਾਗੂ ਕਰਨ ਸਬੰਧੀ ਅਚਾਨਕ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ ਰਾਜਪੁਰਾ ਖੇਤਰ ਵਿੱਚ ਪਤੰਗਾਂ ਅਤੇ ਡੋਰ ਨਾਲ ਸੰਬੰਧਿਤ ਕਾਰੋਬਾਰ ਕਰਨ ਵਾਲੇ ਹੋਲਸੇਲਰਾਂ ਦੀਆਂ ਦੁਕਾਨਾਂ ਅਤੇ ਗੋਦਾਮਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਜਾਂਚ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਕਿਸੇ ਵੀ ਤਰ੍ਹਾਂ ਦੀ ਚਾਈਨਾ ਡੋਰ ਦੀ ਵਿਕਰੀ, ਸਟੋਰੇਜ ਜਾਂ ਵਰਤੋਂ ਨਾ ਹੋ ਰਹੀ ਹੋਵੇ, ਕਿਉਂਕਿ ਇਹ ਮਨੁੱਖੀ ਜੀਵਨ, ਪੰਛੀਆਂ ਅਤੇ ਵਾਤਾਵਰਣ ਲਈ ਬਹੁਤ ਹੀ ਘਾਤਕ ਹੈ । ਜਾਂਚ ਦੌਰਾਨ ਅਧਿਕਾਰੀਆਂ ਵੱਲੋਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਚਾਈਨਾ ਡੋਰ ਦੇ ਨੁਕਸਾਨਦਾਇਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਸਮਝਾਇਆ ਗਿਆ ਕਿ ਚਾਈਨਾ ਡੋਰ ਨਾਲ ਗੰਭੀਰ ਹਾਦਸੇ ਵਾਪਰ ਸਕਦੇ ਹਨ ਅਤੇ ਇਹ ਕਾਨੂੰਨਨ ਗੈਰਕਾਨੂੰਨੀ ਹੈ। ਜਾਂਚ ਦੌਰਾਨ ਕਿਸੇ ਵੀ ਦੁਕਾਨ ਜਾਂ ਗੋਦਾਮ ਵਿੱਚ ਚਾਈਨਾ ਡੋਰ ਨਹੀਂ ਮਿਲੀ, ਜੋ ਕਿ ਸਥਾਨਕ ਵਪਾਰੀਆਂ ਅਤੇ ਆਮ ਲੋਕਾਂ ਵੱਲੋਂ ਕਾਨੂੰਨ ਦੀ ਪਾਲਣਾ ਕਰਨ ਦੀ ਚੰਗੀ ਉਦਾਹਰਨ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਅਚਾਨਕ ਜਾਂਚਾਂ ਜਾਰੀ ਰਹਿਣਗੀਆਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ । ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਚਾਈਨਾ ਡੋਰ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਅਤੇ ਸੁਰੱਖਿਅਤ ਤੇ ਕਾਨੂੰਨੀ ਵਿਕਲਪਾਂ ਨੂੰ ਅਪਣਾਉਣ।
