post

Jasbeer Singh

(Chief Editor)

Patiala News

ਨਵੇਂ ਬੱਸ ਅੱਡੇ ਦਾ ਉੱਪ ਚੇਅਰਮੈਨ ਝਾੜਵਾਂ ਵੱਲੋਂ ਅਚਨਚੇਤ ਦੌਰਾ

post-img

ਨਵੇਂ ਬੱਸ ਅੱਡੇ ਦਾ ਉੱਪ ਚੇਅਰਮੈਨ ਝਾੜਵਾਂ ਵੱਲੋਂ ਅਚਨਚੇਤ ਦੌਰਾ -ਸਾਈਕਲ ਸਟੈਂਡ, ਬਾਥਰੂਮ ਅਤੇ ਹੋਰ ਗੰਦਗੀ ਦੇਖ ਅਧਿਕਾਰੀਆਂ ’ਤੇ ਭੜਕੇ -ਏਅਰਪੋਰਟ ਵਰਗੇ ਅੱਡੇ ’ਚ ਗੰਦਗੀ ਫੈਲਾਉਣ ਦਾ ਮੁੱਦਾ ਮੁੱਖ ਮੰਤਰੀ ਕੋਲ ਉਠਾਵਾਂਗੇ : ਝਾੜਵਾਂ ਪਟਿਆਲਾ, 28 ਫਰਵਰੀ : ਪੀ. ਆਰ. ਟੀ. ਸੀ. ਦੇ ਉੱਪ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਅੱਜ ਅਚਨਚੇਤ ਨਵੇਂ ਬੱਸ ਅੱਡੇ ਪਹੁੰਚੇ, ਜਿਥੇ ਉਨ੍ਹਾਂ ਨੇ ਪੂਰੇ ਬੱਸ ਸਟੈਂਡ ਦਾ ਦੌਰਾ ਕੀਤਾ । ਇਸ ਮੌਕੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਜਨਰਲ ਮੈਨੇਜਰ, ਬੱਸ ਸਟੈਂਡ ਇੰਚਾਰਜ ਸਮੇਤ ਸਾਰੇ ਸਟਾਫ ਨੂੰ ਆਪਣੇ ਨਾਲ ਬੁਲਾਇਆ ਅਤੇ ਬੱਸ ਅੱਡੇ ਦਾ ਦੌਰਾ ਸ਼ੁਰੂ ਕੀਤਾ । ਉਨ੍ਹਾਂ ਨੇ ਸਭ ਤੋਂ ਪਹਿਲਾਂ ਅੱਡੇ ਅੰਦਰ ਬਣ ਰਹੇ ਨਵੇਂ ਸ਼ੈਡ ਦਾ ਨਿਰੀਖਣ ਕੀਤਾ, ਜਿਥੇ ਕਿ ਆਮ ਲੋਕਾਂ ਨੂੰ ਸਹੂਲਤ ਲਈ ਇਹ ਸ਼ੈਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਤਾਰੀਫ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੇ ਬੱਸ ਅੱਡੇ ਅੰਦਰ ਆਮ ਲੋਕਾਂ ਲਈ ਬਣਾਏ ਬਾਥਰੂਮਾਂ ਦਾ ਦੌਰਾ ਕੀਤਾ, ਜਿਥੇ ਕਿ ਬੇਹੱਦ ਜ਼ਿਆਦਾ ਗੰਦਗੀ ਦੇਖ ਕੇ ਭੜਕ ਉੱਠੇ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਕੁੱਝ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਇਸ ਬਾਥਰੂਮ ਜਿਥੇ ਕਿ ਸਰਕਾਰੀ ਰੇਟ ਪੰਜ ਰੁਪਏ ਹੈ, ਪਰ ਲੋਕਾਂ ਤੋਂ 10 ਰੁਪਏ ਵਸੂਲੇ ਜਾ ਰਹੇ ਹਨ । ਇਸ ਸਬੰਧੀ ਅਧਿਕਾਰੀਆਂ ਨੇ ਜਵਾਬ ਦਿੱਤਾ ਕਿ ਉਹ ਕਈ ਵਾਰ ਇਸ ਦੇ ਖ਼ਿਲਾਫ਼ ਲਿਖ ਚੁੱਕੇ ਹਨ ਅਤੇ ਜੁਰਮਾਨਾ ਵੀ ਕਰ ਚੁੱਕੇ ਹਨ। ਝਾੜਵਾਂ ਨੇ ਕਿਹਾ ਕਿ ਹੁਣ ਉਹ ਬਰੀਕੀ ਨਾਲ ਜਾਂਚ ਕਰਨਗੇ ਅਤੇ ਜੇਕਰ ਕਿਸੇ ਆਗੂ ਜਾਂ ਅਧਿਕਾਰੀ ਦੀ ਮਿਲੀ-ਭੁਗਤ ਪਾਈ ਗਈ ਤਾਂ ਉਸ ਦੀ ਗੁਪਤ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ । ਇਸ ਤੋਂ ਬਾਅਦ ਝਾੜਵਾਂ ਨੇ ਬੇਸਮੈਂਟ ਵਿਚ ਬਣੇ ਸਾਈਕਲ ਸਟੈਂਡ ਦਾ ਦੌਰਾ ਕੀਤਾ, ਜਿਥੇ ਇਸ ਤੋਂ ਵੀ ਜ਼ਿਆਦਾ ਗੰਦਗੀ ਦੇਖਣ ਨੂੰ ਮਿਲੀ, ਹਰ ਪਾਸੇ ਕੂੜਾ ਕਰਕਟ ਅਤੇ ਛੱਤ ’ਚੋਂ ਪਾਣੀ ਟਪਕਦਾ ਨਜ਼ਰ ਆਇਆ, ਜਦਕਿ ਸਾਈਕਲ ਸਟੈਂਡ ਦਾ ਇੱਕ ਗੇਟ ਬੰਦ ਕੀਤਾ ਹੋਇਆ ਹੈ । ਇਨ੍ਹਾਂ ਸਾਰੇ ਮਾਮਲਿਆਂ ’ਤੇ ਅਧਿਕਾਰੀਆਂ ਨੂੰ ਕੋਈ ਜਵਾਬ ਨਾ ਆਇਆ ਅਤੇ ਇਹ ਵੀ ਰਿਪੋਰਟ ਮਿਲੀ ਕਿ ਬੱਸ ਅੱਡੇ ਅੰਦਰ ਸਫਾਈ ਸੇਵਕ ਜ਼ਿਆਦਾ ਰੱਖੇ ਹੋਏ ਹਨ, ਪਰ ਕੰਮ ਘੱਟ ਕਰ ਰਹੇ ਹਨ । ਇਸ ਸਬੰਧੀ ਝਾੜਵਾਂ ਨੇ ਕਿਹਾ ਕਿ ਉਹ ਰਿਪੋਰਟ ਤਲਬ ਕਰਨਗੇ ਕਿ ਸਫਾਈ ਸੇਵਕ ਪੂਰੇ ਅੱਡੇ ਦੀ ਸਫਾਈ ਕਿਉਂ ਨਹੀਂ ਕਰਦੇ ਅਤੇ ਸਾਈਕਲ ਸਟੈਂਡ ਦਾ ਦੂਜਾ ਗੇਟ ਬੰਦ ਕਿਉਂ ਕੀਤਾ ਹੋਇਆ ਹੈ, ਇਸ ਲਈ ਜੇਕਰ ਸਫਾਈ ਸੇਵਕ ਸਾਰੇ ਕੰਮ ਕਰਦੇ ਹਨ ਤਾਂ ਫਿਰ ਬੱਸ ਅੱਡੇ ਅੰਦਰ ਇੰਨਾ ਗੰਦ ਕਿਉਂ ਪਾਇਆ ਹੋਇਆ ਹੈ । ਉਨ੍ਹਾਂ ਸਖਤ ਚੇਤਾਵਨੀ ਦਿੱਤੀ ਕਿ ਕਿਸੇ ਪ੍ਰਕਾਰ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਕਿਸੇ ਆਗੂ ਜਾਂ ਅਧਿਕਾਰੀ ਦੀ ਮਿਲੀ ਭੁਗਤ ਸਾਹਮਣੇ ਆਈ ਤਾਂ ਰਿਪੋਰਟ ਸਰਕਾਰ ਅਤੇ ਪਾਰਟੀ ਨੂੰ ਭੇਜਾਂਗੇ, ਕਿਉਂਕਿ ਮੁੱਖ ਮੰਤਰੀ ਮਾਨ ਵੱਲੋਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦਾ ਸੱਦਾ ਦਿੱਤਾ ਗਿਆ ਹੈ, ਇਸ ਲਈ ਜੇਕਰ ਫਿਰ ਵੀ ਕੁਝ ਲੋਕ ਗੁਪਤ ਤਰੀਕੇ ਨਾਲ ਪਿਛਲੇ ਦਰਵਾਜ਼ੇ ਤੋਂ ਇਹ ਕੰਮ ਕਰਨਗੇ । ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

Related Post