ਸਰਕਾਰੀ ਪ੍ਰਾਇਮਰੀ ਸਕੂਲ ਵਿਚ ਤੇਂਦੂਆ ਵੜਨ ਨਾਲ ਅਧਿਆਪਕਾਂ ਅਤੇ ਕਰਮਚਾਰੀਆਂ ਬਚਾਈ ਲੁਕ ਕੇ ਜਾਨ
- by Jasbeer Singh
- September 14, 2024
ਸਰਕਾਰੀ ਪ੍ਰਾਇਮਰੀ ਸਕੂਲ ਵਿਚ ਤੇਂਦੂਆ ਵੜਨ ਨਾਲ ਅਧਿਆਪਕਾਂ ਅਤੇ ਕਰਮਚਾਰੀਆਂ ਬਚਾਈ ਲੁਕ ਕੇ ਜਾਨ ਬਿਜਨੌਰ : ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ `ਚ ਤੇਂਦੁਆ ਵੜ ਗਿਆ। ਅਧਿਆਪਕਾਂ ਅਤੇ ਕਰਮਚਾਰੀਆਂ ਨੇ ਕਮਰੇ `ਚ ਲੁੱਕ ਕੇ ਆਪਣੀ ਜਾਨ ਬਚਾਈ। ਤੇਂਦੁਏ ਦੇ ਸਕੂਲ `ਚ ਆਉਣ ਨਾਲ ਡਰ ਦਾ ਮਾਹੌਲ ਹੈ। ਦੱਸਣਯੋਗ ਹੈ ਕਿ ਜ਼ਿਲ੍ਹੇ ਦੇ ਹਲਦੌਰ ਥਾਣਾ ਖੇਤਰ `ਚ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਕਰਮਚਾਰੀਆਂ ਨੇ ਸ਼ੁੱਕਰਵਾਰ ਨੂੰ ਉਸ ਸਮੇਂ ਖ਼ੁਦ ਨੂੰ ਇਕ ਕਮਰੇ `ਚ ਬੰਦ ਕਰ ਕੇ ਆਪਣੀ ਜਾਨ ਬਚਾਈ, ਜਦੋਂ ਇਕ ਤੇਂਦੁਆ ਸਕੂਲ ਕੰਪਲੈਕਸ `ਚ ਦਾਖ਼ਲ ਹੋਇਆ। ਇਸ ਥਾਣਾ ਖੇਤਰ ਦੇ ਇਸੋਪਰ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਸੀਮਾ ਰਾਜਪੂਤ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਮੀਂਹ ਕਾਰਨ ਬੱਚਿਆਂ ਦੀ ਛੁੱਟੀ ਸੀ ਪਰ ਜਦੋਂ ਅਧਿਆਪਕ ਆਏ ਤਾਂ ਉਨ੍ਹਾਂ ਨੂੰ ਤੇਂਦੁਏ ਦੀ ਦਹਾੜ ਸੁਣਾਈ ਦਿੱਤੀ। ਰਾਜਪੂਤ ਅਨੁਸਾਰ ਦਹਾੜ ਸੁਣਦੇ ਹੀ ਸਾਰਿਆਂ ਨੇ ਖ਼ੁਦ ਨੂੰ ਇਕ ਕਮਰੇ `ਚ ਬੰਦ ਕਰ ਲਿਆ। ਉਨ੍ਹਾਂ ਦੱਸਿਆ ਕਿ ਤੇਂਦੁਏ ਨੇ ਆਪਣੇ ਪੰਜਿਆਂ ਨਾਲ ਮਾਰ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਮੁੱਖ ਅਧਿਆਪਕਾ ਦਾ ਕਹਿਣਾ ਹੈ ਕਿ ਸਕੂਲ ਦੀ ਰਸੋਈਏ ਤੋਂ ਜਿਵੇਂ ਹੀ ਪਿੰਡ ਵਾਸੀਆਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਤੇਂਦੁਆ ਜੰਗਲ ਵੱਲ ਦੌੜ ਗਿਆ। ਜ਼ਿਲ੍ਹਾ ਬੇਸਿਕ ਸਿੱਖਿਆ ਅਧਿਕਾਰੀ ਯੋਗੇਂਦਰ ਕੁਮਾਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਨਾਲ ਗੱਲ ਕਰ ਕੇ ਵਿਦਿਆਰਥੀਆਂ ਅਤੇ ਸਕੂਲ ਦੇ ਕਰਮਚਾਰੀਆਂ ਦੀ ਸੁਰੱਖਿਆ ਲਈ ਠੋਸ ਪ੍ਰਬੰਧ ਕਰਵਾਇਆ ਜਾਵੇਗਾ।

