
ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ ਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਕੀਤਾ ਜਾ ਰਿਹਾ ਜਾਗਰੂਕ
- by Jasbeer Singh
- August 13, 2024

ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ ਤੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਕੀਤਾ ਜਾ ਰਿਹਾ ਜਾਗਰੂਕ ਪਟਿਆਲਾ, 13 ਅਗਸਤ : ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਬਲਾਕ ਪਟਿਆਲਾ ਦੇ ਪਿੰਡ ਚਮਾਰਹੇੜੀ ਅਤੇ ਹਿਰਦਾਪੁਰ ਵਿਖੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਵਿਚ ਕਿਸਾਨਾਂ ਨੂੰ ਪਰਾਲੀ ਨੂੰ ਖੇਤਾਂ ਵਿਚ ਮਿਲਾਕੇ ਜਾਂ ਖੇਤਾਂ ਵਿਚੋਂ ਗੰਢਾਂ ਬਣਾਕੇ ਇਕੱਠੀ ਕਰਨ ਸਬੰਧੀ ਤਕਨੀਕੀ ਨੁਕਤੇ ਸਾਂਝ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਸਾਫ਼-ਸੁਧਰਾਂ ਰੱਖਣ ਵਿਚ ਆਪਣਾ ਸਹਿਯੋਗ ਦੇ ਸਕਣ । ਪਿੰਡ ਹਿਰਦਾਪੁਰ ਵਿਖੇ ਲੱਗੇ ਪਿੰਡ ਪੱਧਰੀ ਕੈਂਪ ਵਿਚ ਡਾ. ਪਰਮਜੀਤ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਨੇ ਸਿਉਂਕ ਦੇ ਹਮਲੇ ਨੂੰ ਰੋਕਣ ਲਈ ਬੀਜ ਨੂੰ ਕਲੋਰੋਪੈਰੀਫਾਸ ਦਵਾਈ ਨਾਲ ਸੋਧ ਕੇ ਬੀਜਣ ਅਤੇ ਪਰਾਲੀ ਵਿਚ ਸੁੰਡੀ ਦੀ ਸਮੱਸਿਆ ਦੇ ਹੱਲ ਲਈ 800 ਐਮ.ਐਲ ਐਕਾਲੈਕਸ 100 ਮਿ.ਲਿ ਪਾਣੀ ਵਿਚ ਮਿਲਾਕੇ ਸਪਰੇਅ ਕਰਨ ਲਈ ਕਿਹਾ। ਪਿੰਡ ਚਮਾਰਹੇੜੀ ਵਿਖੇ ਲੱਗੇ ਪਿੰਡ ਪੱਧਰੀ ਕੈਂਪ ਵਿਚ ਡਾ. ਰਵਿੰਦਰਪਾਲ ਸਿੰਘ ਚੱਠਾ ਖੇਤੀਬਾੜੀ ਵਿਸਥਾਰ ਅਫ਼ਸਰ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਨੂੰ ਅਖੀਰਲਾ ਪਾਣੀ ਇਸ ਤਰੀਕੇ ਨਾਲ ਲਗਾਓ ਤਾਂ ਜੋ ਝੋਨੇ ਦੀ ਵਾਢੀ ਉਪਰੰਤ ਖੇਤ ਵਿਚ ਪਰਾਲੀ ਨੂੰ ਮਿਲਾਉਣ ਸਮੇਂ ਅਤੇ ਨਾਲ ਦੀ ਨਾਲ ਕਣਕ ਬਿਜਾਈ ਕਰਨ ਸਮੇਂ ਖੇਤ ਸਹੀ ਵੱਤਰ ਹਾਲਾਤ ਵਿਚ ਹੋਵੇ । ਉਹਨਾਂ ਦੱਸਿਆ ਕਿ ਝੋਨੇ ਦੀ ਵਾਢੀ ਸੁਪਰ ਐਸ.ਐਮ.ਐਸ. ਲੱਗੀ ਕੰਬਾਈਨ ਰਾਹੀਂ ਕੀਤੀ ਜਾਵੇ ਜੋ ਕਿ ਪਰਾਲੀ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਕੱਟ ਕੇ ਖੇਤ ਵਿਚ ਖਿਲਾਰ ਦਿੰਦੀ ਹੈ ਜਿਸ ਨਾਲ ਸੁਪਰ ਸੀਡਰ, ਹੈਪੀ ਸੀਡਰ, ਸਰਫੇਸ ਸੀਡਰ ਅਤੇ ਸਮਾਰਟ ਸੀਡਰ ਚਲਾਉਣ ਵਿਚ ਆਸਾਨੀ ਹੁੰਦੀ ਹੈ। ਉਹਨਾਂ ਕਿਸਾਨਾਂ ਨੂੰ ਦੱਸਿਆ ਕਿ ਜੋ ਕਿਸਾਨ ਪਰਾਲੀ ਨੂੰ ਖੇਤਾਂ ਵਿਚ ਮਿਲਾਉਂਦੇ ਹਨ ਉਹਨਾਂ ਦੀ ਫ਼ਸਲ ਦਾ ਝਾੜ ਵਧਦਾ ਹੈ ਅਤੇ ਖੇਤੀ ਖਰਚੇ ਘੱਟਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੁੰਦਾ ਹੈ । ਇਹਨਾਂ ਕੈਂਪਾਂ ਵਿਚ ਪਿੰਡ ਹਿਰਦਾਪੁਰ ਦੇ ਅਗਾਂਹਵਧੂ ਕਿਸਾਨ ਮੋਹਨ ਸਿੰਘ, ਕਰਨੈਲ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ ਅਤੇ ਪਿੰਡ ਚਮਾਰਹੇੜੀ ਦੇ ਅਗਾਂਹਵਧੂ ਕਿਸਾਨ ਭੁਪਿੰਦਰ ਸਿੰਘ, ਇੰਦਰਜੀਤ ਸਿੰਘ, ਪ੍ਰਦੀਪ ਸਿੰਘ, ਗੁਰਮੀਤ ਸਿੰਘ, ਜਗਮੇਲ ਸਿੰਘ ਅਤੇ ਲਗਭਗ 100 ਕਿਸਾਨਾਂ ਨੇ ਭਾਗ ਲਿਆ। ਇਹਨਾਂ ਕੈਂਪਾਂ ਵਿਚ ਖੇਤੀਬਾੜੀ ਵਿਭਾਗ ਦੇ ਗੁਰਦੀਪ ਸਿੰਘ, ਕਮਲਦੀਪ ਸਿੰਘ, ਹਰਪਾਲ ਸਿੰਘ, ਅਸਰ ਫਾਊਂਡੇਸ਼ਨ ਦੇ ਪਲਵਿੰਦਰ ਸਿੰਘ ਅਤੇ ਮਾਨਵ ਵਿਕਾਸ ਸੰਸਥਾਨ ਦੇ ਨੁਮਾਇੰਦੇ ਸਮਰਿਧੀ ਸੂਦ, ਅੰਗਰੇਜ਼ ਸਿੰਘ, ਹਰਪ੍ਰੀਤ ਕੌਰ ਨੇ ਭਾਗ ਲਿਆ।
Related Post
Popular News
Hot Categories
Subscribe To Our Newsletter
No spam, notifications only about new products, updates.