ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ ਅਮਰੀਕੀ ਅਦਾਲਤ ਦਿੱਤਾ ਵੱਡਾ ਝਟਕਾ
- by Jasbeer Singh
- August 17, 2024
ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ ਅਮਰੀਕੀ ਅਦਾਲਤ ਦਿੱਤਾ ਵੱਡਾ ਝਟਕਾ ਵਾਸ਼ਿੰਗਟਨ, 17 ਅਗਸਤ : ਮੁੰਬਈ ਵਿਚ ਹੋਏ ਅਤਿਵਾਦੀ ਹਮਲਿਆਂ ਵਿਚ ਸ਼ਾਮਲ ਹੋਣ ਦੇ ਮੁਲਜ਼ਮ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਨੂੰ ਵੱਡਾ ਝਟਕਾ ਦਿੰਦੇ ਹੋਏ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਹਵਾਲਗੀ ਸੰਧੀ ਤਹਿਤ ਉਸ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ। ਯੂਐੱਸ ਕੋਰਟ ਆਫ ਅਪੀਲਜ਼ ਨੇ ਆਪਣੇ ਫੈਸਲੇ ਵਿੱਚ ਕਿਹਾ, ‘(ਭਾਰਤ-ਅਮਰੀਕਾ ਹਵਾਲਗੀ) ਸੰਧੀ ਰਾਣਾ ਦੀ ਹਵਾਲਗੀ ਦੀ ਇਜਾਜ਼ਤ ਦਿੰਦੀ ਹੈ।’ ਰਾਣਾ ਨੇ ਕੈਲੀਫੋਰਨੀਆ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਵਿਰੁੱਧ ਯੂਐੱਸ ਕੋਰਟ ਆਫ਼ ਅਪੀਲਜ਼ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਅਮਰੀਕੀ ਜੇਲ੍ਹ ਵਿੱਚ ਬੰਦ ਰਾਣਾ ਮੁੰਬਈ ਹਮਲਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸ ਨੂੰ ਪਾਕਿਸਤਾਨੀ-ਅਮਰੀਕੀ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਦਾ ਸਹਿਯੋਗੀ ਮੰਨਿਆ ਜਾਂਦਾ ਹੈ, ਜੋ 26 ਨਵੰਬਰ 2008 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜਿਆਂ ਵਿੱਚੋਂ ਇੱਕ ਸੀ। ਇਨ੍ਹਾਂ ਅਤਿਵਾਦੀ ਹਮਲਿਆਂ ਵਿੱਚ ਛੇ ਅਮਰੀਕੀ ਨਾਗਰਿਕਾਂ ਸਮੇਤ ਕੁੱਲ 166 ਵਿਅਕਤੀ ਮਾਰੇ ਗਏ ਸਨ।
