post

Jasbeer Singh

(Chief Editor)

Patiala News

ਕਿੰਨੂ ਦੇ ਛਿਲਕਿਆਂ ਵਿਚਲੇ ਗੁਣਕਾਰੀ ਤੱਤ ਮਨੁੱਖੀ ਸਿਹਤ ਲਈ ਹੋ ਸਕਦੇ ਹਨ ਲਾਭਦਾਇਕ : ਪੰਜਾਬੀ ਯੂਨੀਵਰਸਿਟੀ ਦੀ ਖੋਜ

post-img

ਕਿੰਨੂ ਦੇ ਛਿਲਕਿਆਂ ਵਿਚਲੇ ਗੁਣਕਾਰੀ ਤੱਤ ਮਨੁੱਖੀ ਸਿਹਤ ਲਈ ਹੋ ਸਕਦੇ ਹਨ ਲਾਭਦਾਇਕ : ਪੰਜਾਬੀ ਯੂਨੀਵਰਸਿਟੀ ਦੀ ਖੋਜ -ਖੋਜ ਉਪਰੰਤ ਡੀ. ਐੱਮ. ਸੀ. ਲੁਧਿਆਣਾ ਵਿੱਚ ਫੈਟੀ ਲਿਵਰ ਦੇ ਮਰੀਜ਼ਾਂ ਉੱਤੇ ਹੋਇਆ ਪ੍ਰਯੋਗ; ਸਾਹਮਣੇ ਆਏ ਸਾਕਾਰਾਤਮਕ ਨਤੀਜੇ - ਕਿੰਨੂ ਇੰਡਸਟਰੀ ਦੀ ਵਿਅਰਥ ਸਮੱਗਰੀ ਦੇ ਪ੍ਰਬੰਧਨ ਦੇ ਲਿਹਾਜ਼ ਨਾਲ਼ ਵਾਤਾਵਰਣ ਪੱਖੋਂ ਵੀ ਲਾਹੇਵੰਦ ਹੈ ਖੋਜ ਪਟਿਆਲਾ, 1 ਦਸੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਖੋਜ ਵਿੱਚ ਕਿੰਨੂ ਦੇ ਛਿਲਕਿਆਂ ਵਿਚਲੇ ਗੁਣਕਾਰੀ ਤੱਤਾਂ ਨੂੰ ਲੱਭ ਕੇ ਇਨ੍ਹਾਂ ਨੂੰ ਸਿਹਤ ਦੇ ਫਾਇਦੇ ਲਈ ਵਰਤੇ ਜਾ ਸਕਣ ਦੇ ਯੋਗ ਬਣਾਇਆ ਗਿਆ ਹੈ । ਯੂਨੀਵਰਸਿਟੀ ਦੇ ਬਾਇਓਟੈਕਨੌਲਜੀ ਐਂਡ ਫੁਡ ਟੈਕਨੌਲਜੀ ਵਿਭਾਗ ਵਿੱਚ ਪ੍ਰੋ. ਮਿੰਨੀ ਸਿੰਘ ਦੀ ਅਗਵਾਈ ਵਿੱਚ ਖੋਜਾਰਥੀ ਨਿਹਾਰਿਕਾ ਕੌਸ਼ਲ ਵੱਲੋਂ ਕੀਤੀ ਇਸ ਖੋਜ ਰਾਹੀਂ ਨੈਨੋਟੈਕਨੌਲਜੀ ਦੀ ਮਦਦ ਨਾਲ਼ ਕਿੰਨੂ ਛਿਲਕੇ ਦੇ ਗੁਣਕਾਰੀ ਤੱਤਾਂ ਨੂੰ ਇਸ ਵਿਚਲੇ ਨੁਕਸਾਨਦਾਇਕ ਤੱਤਾਂ ਤੋਂ ਅਲੱਗ ਕਰ ਕੇ ਪਾਣੀ ਵਿੱਚ ਘੁਲਣਸ਼ੀਲ ਫਾਰਮੂਲੇਸ਼ਨ ਤਿਆਰ ਕੀਤੀਆਂ ਗਈਆਂ ਹਨ, ਜਿਸ ਦੇ ਬਹੁਤ ਹੀ ਸਾਕਰਾਤਮਕ ਨਤੀਜੇ ਸਾਹਮਣੇ ਆਏ ਹਨ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰੋ. ਮਿੰਨੀ ਸਿੰਘ ਵੱਲੋਂ ਹਲਦੀ ਵਿਚਲੇ ਗੁਣਕਾਰੀ ਤੱਤਾਂ ਨੂੰ ਦੁੱਧ ਵਿੱਚ ਘੁਲਣਸ਼ੀਲ ਬਣਾਉਣ ਲਈ ਖੋਜੇ ਗਏ ਫਾਰਮੂਲੇ ਨੂੰ ਵੀ ਵੱਡੇ ਪੱਧਰ ਉੱਤੇ ਪ੍ਰਸ਼ੰਸ਼ਾ ਹਾਸਿਲ ਹੋਈ ਸੀ ਅਤੇ ਇਸ ਟੈਕਨੌਲਜੀ ਨੂੰ ‘ਵੇਰਕਾ’ ਵੱਲੋਂ ਖਰੀਦ ਕੇ ਹੁਣ ਆਪਣਾ ‘ਹਲਦੀ ਦੁੱਧ’ ਪ੍ਰੋਡਕਟ ਤਿਆਰ ਕਰਨ ਲਈ ਵਰਤਿਆ ਜਾ ਰਿਹਾ ਹੈ । ਤਾਜ਼ਾ ਖੋਜ ਬਾਰੇ ਖੋਜਾਰਥੀ ਨਿਹਾਰਿਕਾ ਨੇ ਦੱਸਿਆ ਕਿ ਇਹ ਖੋਜ ਕਾਰਜ ਯੂਨੀਵਰਸਿਟੀ ਅਤੇ ਇੰਡਸਟਰੀ ਦੀ ਸਾਂਝੇਦਾਰੀ ਨਾਲ਼ ਸੰਭਵ ਹੋਇਆ ਹੈ । ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਸੰਬੰਧ ਵਿੱਚ ਪੰਜਾਬ ਐਗਰੋ ਲਿਮਿਟਡ ਚੰਡੀਗੜ੍ਹ ਨਾਲ਼ ਇਕਰਾਰਨਾਮਾ ਕੀਤਾ ਗਿਆ ਸੀ । ਇਸ ਇਕਰਾਰਨਾਮੇ ਤਹਿਤ ਹੀ ਛਿਲਕਿਆਂ ਦੇ ਨਮੂਨੇ ਪ੍ਰਾਪਤ ਕਰ ਕੇ ਉਸ ਉੱਤੇ ਅਧਿਐਨ ਕੀਤਾ ਗਿਆ । ਖੋਜ ਅਧਿਐਨ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਛਿਲਕਿਆਂ ਵਿੱਚ ਕੁੱਝ ਅਜਿਹੇ ਤੱਤ ਸਨ ਜੋ ਸਿਹਤ ਲਈ ਲਾਭਦਾਇਕ ਹਨ । ਇਸ ਬਾਰੇ ਪ੍ਰਯੋਗਸ਼ਾਲਾ ਵਿੱਚ ਲੰਬਾ ਅਧਿਐਨ ਚਲਦਾ ਰਿਹਾ, ਜਿਸ ਉਪਰੰਤ ਇਸ ਗੱਲ ਦੀ ਵਿਗਿਆਨਕ ਪੁਸ਼ਟੀ ਹੋਈ ਕਿ ਲਾਜ਼ਮੀ ਤੌਰ ਉੱਤੇ ਇਨ੍ਹਾਂ ਛਿਲਕਿਆਂ ਵਿੱਚ ਅਜਿਹੇ ਤੱਤ ਹਨ ਜੋ ਕੁੱਝ ਹਾਲਤਾਂ ਵਿੱਚ ਕਿੰਨੂ ਤੋਂ ਵੀ ਜ਼ਿਆਦਾ ਲਾਭਦਾਇਕ ਹੋ ਸਕਦੇ ਹਨ । ਪ੍ਰੋ. ਮਿੰਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਿਹਾਰਿਕਾ ਕੌਸ਼ਲ ਦੀ ਖੋਜ ਉਪਰੰਤ ਵੀ ਇਸ ਦਿਸ਼ਾ ਵਿੱਚ ਕੰਮ ਜਾਰੀ ਰੱਖਿਆ ਹੈ। ਜਿਸ ਤਹਿਤ ਖੋਜ ਦੌਰਾਨ ਛਿਲਕੇ ਵਿੱਚੋਂ ਲੱਭੇ ਗਏ ਇਨ੍ਹਾਂ ਪਦਾਰਥਾਂ ਨੂੰ ਫੈਟੀ ਲਿਵਰ ਦੇ ਮਰੀਜ਼ਾਂ ਲਈ ਵਰਤ ਕੇ ਵੇਖਿਆ ਗਿਆ, ਜਿਸ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆਏ । ਇਸ ਮਕਸਦ ਲਈ ਡੀ. ਐੱਮ. ਸੀ. ਲੁਧਿਆਣਾ ਨਾਲ ਇਕਰਾਰਨਾਮਾ ਕੀਤਾ ਗਿਆ ਸੀ । ਇਸ ਤਹਿਤ ਪਹਿਲੇ ਪੜਾਅ ਵਿੱਚ ਫੈਟੀ ਲਿਵਰ ਦੇ ਨੌਂ ਮਰੀਜ਼ਾਂ ਉੱਤੇ ਇਸ ਦਾ ਪ੍ਰਯੋਗ ਕੀਤਾ ਗਿਆ ਹੈ। ਅਗਲੇ ਪੜਾਅ ਵਿੱਚ 40 ਮਰੀਜ਼ਾਂ ਉੱਤੇ ਪ੍ਰਯੋਗ ਕੀਤਾ ਗਿਆ । ਇਸ ਪ੍ਰਯੋਗ ਵਿੱਚ ਪ੍ਰਾਪਤ ਹੋਏ ਚੰਗੇ ਨਤੀਜਿਆਂ ਨੇ ਇਸ ਦੇ ਲਾਹੇਵੰਦ ਹੋਣ ਦੀ ਪੁਸ਼ਟੀ ਕਰ ਦਿੱਤੀ । ਪ੍ਰੋ. ਮਿੰਨੀ ਸਿੰਘ ਨੇ ਨਾਲ਼ ਹੀ ਇਹ ਵੀ ਸਪਸ਼ਟ ਕੀਤਾ ਕਿ ਇਸ ਖੋਜ ਦਾ ਮਤਲਬ ਇਹ ਨਹੀਂ ਕਿ ਸਿੱਧਾ ਛਿਲਕਾ ਹੀ ਖਾ ਲੈਣ ਨਾਲ਼ ਲਾਭ ਪਹੁੰਚ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਛਿਲਕੇ ਵਿੱਚ ਬਹੁਤ ਸਾਰੇ ਜ਼ਹਿਰੀਲੇ ਹਾਨੀਕਾਰਕ ਤੱਤ ਵੀ ਹੁੰਦੇ ਹਨ ਜੋ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ । ਇਸ ਮੰਤਵ ਲਈ ਖੋਜ ਦੌਰਾਨ ਨੈਨੋਟੈਕਨੌਲਜੀ ਦੀ ਵਰਤੋਂ ਨਾਲ਼ ਕੁੱਝ ਫਾਰਮੂਲੇਸ਼ਨ ਤਿਆਰ ਕੀਤੀਆਂ ਗਈਆਂ । ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਦੌਰਾਨ ਛਿਲਕਿਆਂ ਨੂੰ ਪੀਸ ਕੇ ਪਾਊਡਰ ਬਣਾਇਆ ਜਾਂਦਾ ਹੈ । ਫਿਰ ਨੈਨੋਟੈਕਨੌਲਜੀ ਦੀ ਮਦਦ ਨਾਲ਼ ਉਸ ਵਿੱਚੋਂ ਵੱਖ-ਵੱਖ ਤੱਤਾਂ ਦੀ ਨਿਸ਼ਾਨਦੇਹੀ ਕਰਨੀ ਹੁੰਦੀ ਹੈ । ਇਸ ਉਪਰੰਤ ਇਸ ਵਿੱਚੋਂ ਹਾਨੀਕਾਰਕ ਤੱਤਾਂ ਨੂੰ ਟੈਕਨੌਲਜੀ ਨਾਲ਼ ਬਾਹਰ ਕੱਢ ਦਿੱਤਾ ਜਾਂਦਾ ਹੈ । ਇਸ ਉਪਰੰਤ ਅਗਲੇ ਪੜਾਅ ਉੱਤੇ ਨੈਨੋਟੈਕਨੌਲਜੀ ਦੀ ਮਦਦ ਨਾਲ਼ ਇਨ੍ਹਾਂ ਲਾਭਦਾਇਕ ਕੰਪਾਊਂਡਜ਼ ਨੂੰ ਪਾਣੀ ਵਿੱਚ ਵਿੱਚ ਘੁਲਣਸ਼ੀਲ ਬਣਾਇਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਅਜਿਹਾ ਕਰਨਾ ਇਸ ਲਈ ਲਾਜ਼ਮੀ ਹੈ ਕਿਉਂਕਿ ਮਨੁੱਖੀ ਸ਼ਰੀਰ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕੋਈ ਵੀ ਪਦਾਰਥ ਜਦੋਂ ਪਾਣੀ ਵਿੱਚ ਘੁਲਣਸ਼ੀਲ ਹੋਵੇਗਾ ਤਾਂ ਉਹ ਸ਼ਰੀਰ ਵਿੱਚ ਰਚ ਕੇ ਜਲਦੀ ਅਤੇ ਵਧੇਰੇ ਅਸਰਦਇਕ ਹੋ ਸਕਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿੰਨੂ ਦਾ ਉਤਪਾਦਨ ਬਹੁਤ ਹੁੰਦਾ ਹੈ, ਇਸ ਲਈ ਇਹ ਖੋਜ ਪੰਜਾਬ ਲਈ ਹੋਰ ਵੀ ਅਹਿਮੀਅਤ ਰਖਦੀ ਹੈ । ਪੰਜਾਬ ਦੇ ਅਬੋਹਰ ਅਤੇ ਹੁਸ਼ਿਆਰਪੁਰ ਵਿੱਚ ਇਸ ਨਾਲ਼ ਸੰਬੰਧਤ ਇੰਡਸਟਰੀ ਹੈ ਜਿੱਥੇ ਕਿੰਨੂ ਤੋਂ ਜੂਸ ਬਣਾ ਕੇ ਇਸ ਨੂੰ ਦੁਨੀਆਂ ਭਰ ਦੀਆਂ ਵੱਖ-ਵੱਖ ਥਾਵਾਂ ਲਈ ਨਿਰਯਾਤ ਕੀਤਾ ਜਾਂਦਾ ਹੈ । ਖੋਜ ਦਾ ਇੱਕ ਮਹੱਤਵ ਇਹ ਵੀ ਹੈ ਕਿ ਇੰਡਸਟਰੀ ਵੱਲੋਂ ਪੈਦਾ ਕੀਤੀ ਜਾਂਦੀ ਜਾਂ ਕਹਿ ਲਓ ਕਿ ਛੱਡੇ ਜਾਂਦੀ ਵਿਅਰਥ ਸਮੱਗਰੀ (ਵੇਸਟ) ਨੂੰ ਕਿਸ ਤਰ੍ਹਾਂ ਵਿਗਿਆਨ ਦੀ ਮਦਦ ਨਾਲ਼ ਲਾਹੇਵੰਦ ਬਣਾਉਣਾ ਹੈ । ਉਨ੍ਹਾਂ ਦੱਸਿਆ ਕਿ ਸੰਯੁਕਤ ਰਾਸ਼ਟਰ ਵੱਲੋਂ ਵਾਰ ਵਾਰ ਦਿੱਤੀਆਂ ਜਾਂਦੀਆਂ ਸੇਧਾਂ ਵੀ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲ਼ੇ ਉਸਾਰੂ ਭਾਵ ਸਸਟੇਨੇਬਲ ਵਿਕਾਸ ਲਈ ਹੀ ਪ੍ਰੇਰਦੀਆਂ ਹਨ । ਏਨੇ ਵੱਡੇ ਪੱਧਰ ਉੱਤੇ ਵਿਅਰਥ ਬਚੇ ਛਿਲਕੇ ਨੂੰ ਡੰਪ ਕਰਨ ਦੀ ਪ੍ਰਕਿਰਿਆ ਨਾਲ਼ ਬਹੁਤ ਸਾਰੇ ਵਾਤਾਵਰਣ ਨਾਲ਼ ਸੰਬੰਧਤ ਮਸਲੇ ਵੀ ਪੈਦਾ ਹੁੰਦੇ ਹਨ । ਸੋ ਇਸ ਨਾਲ਼ ਪ੍ਰਦੂਸ਼ਣ ਦੇ ਮੁੱਦੇ ਉੱਤੇ ਵੀ ਅਹਿਮ ਪਹਿਲਕਦਮੀ ਹੈ । ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਕੇ. ਕੇ. ਯਾਦਵ, ਆਈ. ਏ. ਐੱਸ. ਵੱਲੋਂ ਇਸ ਖੋਜ ਲਈ ਪ੍ਰੋ. ਮਿੰਨੀ ਸਿੰਘ ਨੂੰ ਵਿਸ਼ੇਸ਼ ਤੌਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਖੋਜਾਂ ਨਾਲ਼ ਸਮਾਜ ਨੂੰ ਸਿੱਧੇ ਤੌਰ ਉੱਤੇ ਲਾਭ ਮਿਲਦਾ ਹੈ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਵੱਲੋਂ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ ।

Related Post