July 6, 2024 00:42:34
post

Jasbeer Singh

(Chief Editor)

Patiala News

ਕੇਂਦਰ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਤੋੜਿਆ: ਸੁਖਬੀਰ ਬਾਦਲ

post-img

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਅਤੇ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਆਰਐੱਸਐੱਸ ਦੇ ਹਵਾਲੇ ਕਰਨ ਦੇ ਦੋਸ਼ ਲਗਾਏ ਹਨ। ਸੁਖਬੀਰ ਬਾਦਲ ਅੱਜ ਇੱਥੇ ਪਟਿਆਲਾ ਤੋਂ ਪਾਰਟੀ ਉਮੀਦਵਾਰ ਐੱਨਕੇ ਸ਼ਰਮਾ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਵੱਲੋਂ ਬੀਤੇ ਦਿਨੀਂ ਇੱਕ ਰੈਲੀ ਵਿੱਚ ਦਿੱਤੇ ਬਿਆਨ ‘‘ਜੇਕਰ ਆਜ਼ਾਦੀ ਮਗਰੋਂ ਉਨ੍ਹਾਂ (ਮੋਦੀ) ਦੀ ਸਰਕਾਰ ਹੁੰਦੀ ਤਾਂ ਉਹ ਕਰਤਾਰਪੁਰ ਸਾਹਿਬ ਨੂੰ ਪਾਕਿਸਤਾਨ ਵਿੱਚ ਨਾ ਜਾਣ ਦਿੰਦੇ’’ ਦੇ ਹਵਾਲੇ ਨਾਲ ਸੁਖਬੀਰ ਬਾਦਲ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਹ ਸੱਚਾਈ ਹੋਵੇ, ਪਰ ਇਹ ਵੀ ਹਕੀਕਤ ਹੈ ਕਿ ਕੇਂਦਰ ਸਰਕਾਰ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਆਰਐੱਸਐੱਸ ਹਵਾਲੇ ਕੀਤੇ ਹੋਏ ਹਨ। ਸੁਖਬੀਰ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸਿੱਖ ਸੰਸਥਾਵਾਂ ਨੂੰ ਆਰਐੱਸਐੱਸ ਤੋਂ ਮੁਕਤ ਕਰਵਾਇਆ ਜਾਵੇ। ਇਸ ਦੌਰਾਨ ਪਾਰਟੀ ਪ੍ਰਧਾਨ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਆਪ’ ਤਾਂ ਅਸ਼ਲੀਲ ਫਿਲਮਾਂ ਬਣਾਉਣ ਵਾਲੀ ਪਾਰਟੀ ਹੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲਾਲ ਚੰਦ ਕਟਾਰੂਚੱਕ ਦੀ ਵੀਡੀਓ ਜਨਤਕ ਹੋਈ ਸੀ, ਹੁਣ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਕਥਿਤ ਅਸ਼ਲੀਲ ਵੀਡੀਓ ਨੇ ਪੰਜਾਬ ਦੀ ਰਾਜਨੀਤੀ ਵਿਚ ਗਿਰਾਵਟ ਦਾ ਇਕ ਨਵਾਂ ਅਧਿਆਇ ਜੋੜ ਦਿੱਤਾ ਹੈ। ਐੱਨਕੇ ਸ਼ਰਮਾ ਨੇ ਕਿਹਾ ਕਿ ਕਾਂਗਰਸ ਤੇ ‘ਆਪ’ ਨੇ ਹੜ੍ਹਾਂ ਦੀ ਰੋਕਥਾਮ ਵਾਸਤੇ ਵੀ ਕੋਈ ਕਦਮ ਨਹੀਂ ਚੁੱਕਿਆ, ਪਰ ਸੰਸਦ ਮੈਂਬਰ ਬਣ ਕੇ ਉਹ ਘੱਗਰ ਦੇ ਹੜ੍ਹਾਂ ਤੋਂ ਮੁਕਤੀ ਦਿਵਾਉਣ ਸਣੇ ਪਟਿਆਲਾ ਵਿੱਚ ਏਮਜ਼ ਵਰਗਾ ਹਸਪਤਾਲ ਵੀ ਸਥਾਪਤ ਕਰਵਾਉਣਗੇ। ਇਸ ਦੌਰਾਨ ਸਾਬਕਾ ਮੰਤਰੀ ਸੁਰਜੀਤ ਰੱਖੜਾ, ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਗੜ੍ਹੀ, ਸਤਵਿੰਦਰ ਟੌਹੜਾ ਤੇ ਜਸਮੇਰ ਲਾਛੜੂ, ਜ਼ਿਲ੍ਹਾ ਪ੍ਰਧਾਨ ਜਰਨੈਲ ਕਰਤਾਰਪੁਰ, ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਸਮੂਹ ਹਲਕਾ ਇੰਚਾਰਜ ਚਰਨਜੀਤ ਬਰਾੜ, ਕਬੀਰ ਦਾਸ, ਬਿੱਟੂ ਚੱਠਾ, ਅਮਰਿੰਦਰ ਬਜਾਜ, ਭੁਪਿੰਦਰ ਸ਼ੇਖੂਪੁਰਾ ਤੇ ਮੱਖਣ ਲਾਲਕਾ ਆਦਿ ਨੇ ਵੀ ਸੰਬੋਧਨ ਕੀਤਾ।

Related Post