
ਬਦਲਾਪੁਰ ਕਾਂਡ ਦੇ ਮੁਲਜ਼ਮ ਦੇ ਰਿਮਾਂਡ ਵਿਚ ਕੋਰਟ ਨੇ ਕੀਤਾ 26 ਤੱਕ ਦਾ ਵਾਧਾ
- by Jasbeer Singh
- August 22, 2024

ਬਦਲਾਪੁਰ ਕਾਂਡ ਦੇ ਮੁਲਜ਼ਮ ਦੇ ਰਿਮਾਂਡ ਵਿਚ ਕੋਰਟ ਨੇ ਕੀਤਾ 26 ਤੱਕ ਦਾ ਵਾਧਾ ਮੁੰਬਈ : ਬਦਲਾਪੁਰ ਦੇ ਸਕੂਲ ਵਿਚ ਦੋ ਬੱਚੀਆਂ ਨਾਲ ਕਥਿਤ ਜਿਨਸੀ ਛੇੜਛਾੜ ਦੇ ਮੁਲਜ਼ਮ ਦਾ ਕੋਰਟ ਨੇ ਪੁਲਸ ਰਿਮਾਂਡ 26 ਅਗਸਤ ਤੱਕ ਵਧਾ ਦਿੱਤਾ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੀਨੀਅਰ ਆਈਪੀਐੱਸ ਅਧਿਕਾਰੀ ਆਰਤੀ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਸਕੂਲ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਧਰ ਵਿਰੋਧੀ ਧਿਰਾਂ ਦੇ ਗੱਠਜੋੜ ਮਹਾ ਵਿਕਾਸ ਅਗਾੜੀ ਨੇ 24 ਅਗਸਤ ਨੂੰ ‘ਮਹਾਰਾਸ਼ਟਰ ਬੰਦ’ ਦਾ ਸੱਦਾ ਦਿੱਤਾ ਹੈ। ਬਦਲਾਪੁਰ ਰੇਲਵੇ ਸਟੇਸ਼ਨ ਉੱਤੇ ਮੰਗਲਵਾਰ ਨੂੰ ਹੋਈ ਹਿੰਸਾ ਦੇ ਸਬੰਧ ਵਿਚ ਚਾਰ ਐੱਫਆਈਆਰ ਦਰਜ ਕਰਕੇ 72 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰੋਸ ਮੁਜ਼ਾਹਰਿਆਂ ਦੌਰਾਨ ਰੇਲਵੇ ਸਟੇਸ਼ਨ ਤੇ ਬਦਲਾਪੁਰ ਦੇ ਹੋਰਨਾਂ ਹਿੱਸਿਆਂ ਵਿਚ ਪੱਥਰਬਾਜ਼ੀ ਦੀਆਂ ਘਟਨਾਵਾਂ ਵਿਚ ਘੱਟੋ-ਘੱਟ 17 ਪੁਲੀਸ ਮੁਲਾਜ਼ਮ ਤੇ ਰੇਲਵੇ ਪੁਲੀਸ ਦੇ ਅੱਠ ਜਵਾਨ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਖਿਲਾਫ਼ ਭਖੇ ਰੋਹ ਮਗਰੋਂ ਬਦਲਾਪੁਰ ਵਿਚ ਇੰਟਰਨੈੱਟ ਸੇਵਾਵਾਂ ਅੱਜ ਵੀ ਮੁਅੱਤਲ ਰਹੀਆਂ।