ਦਿੱਲੀ ਹਾਈਕੋਰਟ ਨੇ ਕੀਤਾ 23 ਵਰ੍ਹਿਆਂ ਦੇ ਇੱਕ ਵਿਅਕਤੀ ਦੀ ਮੌਤ ਦਾ ਕੇਸ ਕੇਂਦਰੀ ਜਾਂਚ ਬਿਊਰੋ ਕੋਲ ਤਬਦੀਲ
- by Jasbeer Singh
- July 24, 2024
ਦਿੱਲੀ ਹਾਈਕੋਰਟ ਨੇ ਕੀਤਾ 23 ਵਰ੍ਹਿਆਂ ਦੇ ਇੱਕ ਵਿਅਕਤੀ ਦੀ ਮੌਤ ਦਾ ਕੇਸ ਕੇਂਦਰੀ ਜਾਂਚ ਬਿਊਰੋ ਕੋਲ ਤਬਦੀਲ ਨਵੀਂ ਦਿੱਲੀ, 24 ਜੁਲਾਈ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈ ਕੋਰਟ ਨੇ 23 ਵਰ੍ਹਿਆਂ ਦੇ ਇੱਕ ਵਿਅਕਤੀ ਜਿਸ ਨੂੰ 2020 ’ਚ ਉੱਤਰ-ਪੂਰਬੀ ਦਿੱਲੀ ’ਚ ਫਿਰਕੂ ਦੰਗਿਆਂ ਦੌਰਾਨ ਕੁੱਟਿਆ ਗਿਆ ਤੇ ਕੌਮੀ ਤਰਾਨਾ ਬੋਲਣ ਲਈ ਮਜਬੂਰ ਕੀਤਾ ਗਿਆ ਸੀ, ਦੀ ਮੌਤ ਦਾ ਕੇਸ ਕੇਂਦਰੀ ਜਾਂਚ ਬਿਊਰੋ ਕੋਲ ਤਬਦੀਲ ਕਰ ਦਿੱਤਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਪੁਲੀਸ ਮੁਲਾਜ਼ਮ ਫੈਜ਼ਾਨ ਨਾਮੀ ਵਿਅਕਤੀ ਤੇ ਚਾਰ ਹੋਰਨਾਂ ਨੂੰ ਕੌਮੀ ਤਰਾਨਾ ‘ਜਨ ਗਨ ਮਨ’ ਅਤੇ ‘ਵੰਦੇ ਮਾਤਰਮ’ ਬੋਲਣ ਲਈ ਮਜਬੂਰ ਕਰਦੇ ਸਮੇਂ ਕੁੱਟਦੇ ਹੋਏ ਦਿਖਾਈ ਦੇ ਰਹੇ ਹਨ। ਜਸਟਿਸ ਅਨੂੁਪ ਜੈਰਾਮ ਭੰਬਾਨੀ ਨੇ ਫੈਜ਼ਾਨ ਦੀ ਮਾਂ ਕਿਸਮਾਤੁਨ ਵੱਲੋਂ ਸਿਟ ਜਾਂਚ ਦੀ ਮੰਗ ਲਈ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ, ‘‘ਮੈ ਪਟੀਸ਼ਨ ਨੂੰ ਮਨਜ਼ੂਰ ਕਰ ਰਿਹਾ ਹਾਂ। ਮੈਂ ਕੇਸ ਸੀਬੀਆਈ ਕੋਲ ਤਬਦੀਲ ਕਰ ਰਿਹਾ ਹਾਂ।’’ ਕਿਸਮਾਤੁਨ ਨੇ 2020 ’ਚ ਦਾਇਰ ਪਟੀਸ਼ਨ ’ਚ ਦੋਸ਼ ਲਾਇਆ ਸੀ ਪੁਲੀਸ ਨੇ ਉਸ ਦੇ ਬੇਟੇ ’ਤੇ ਹਮਲਾ ਕੀਤਾ, ਗ਼ੈਰਕਾਨੂੰਨੀ ਤੌਰ ’ਤੇ ਹਿਰਾਸਤ ’ਚ ਰੱਖਿਆ ਤੇ ਲੋੜੀਂਦੀਆਂ ਸਿਹਤ ਸਹੂਲਤਾਂ ਤੋਂ ਨਾਂਹ ਕਰ ਦਿੱਤੀ, ਜਿਸ ਕਾਰਨ 26 ਫਰਵਰੀ ਨੂੰ ਰਿਹਾਈ ਮਗਰੋਂ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਨਾਗਰਿਕਤਾ ਕਾਨੂੰਨ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਹਿੰਸਾ ਮਗਰੋਂ 24 ਫਰਵਰੀ 2020 ਨੂੰ ਉੱਤਰ-ਪੂਰਬੀ ਦਿੱਲੀ ’ਚ ਭੜਕੇ ਦੰਗਿਆਂ ਕਾਰਨ 53 ਵਿਅਕਤੀ ਮਾਰੇ ਗਏ ਤੇ 700 ਜ਼ਖ਼ਮੀ ਹੋਏ ਸਨ।

