ਪੰਜਾਬ ਭਰ ’ਚ ਅੱਜ ਬਿਜਲੀ ਦੀ ਮੰਗ ਇੱਕ ਹਜ਼ਾਰ ਮੈਗਾਵਾਟ ਤੋਂ ਟੱਪ ਗਈ ਹੈ ਹਾਲਾਂਕਿ ਇਨ੍ਹੀਂ ਦਿਨੀਂ ਕਣਕ ਦੀ ਵਾਢੀ ਚੱਲਦੀ ਹੋਣ ਕਰਕੇ ਟਿਊਬਵੈੱਲਾਂ ’ਤੇ ਬਿਜਲੀ ਦੀ ਖ਼ਪਤ ਨਹੀਂ ਹੋ ਰਹੀ। ਇਸ ਦੇ ਬਾਵਜੂਦ ਐਤਕੀਂ ਅਪਰੈਲ ਮਹੀਨੇ ਬਿਜਲੀ ਦੀ ਮੰਗ ਛੜੱਪੇ ਮਾਰ ਕੇ ਵਧ ਗਈ ਹੈ ਹਾਲਾਂਕਿ ਝੋਨੇ ਦੀ ਲੁਆਈ ਵਿੱਚ ਵੀ ਕਰੀਬ ਡੇਢ ਮਹੀਨੇ ਦਾ ਸਮਾਂ ਪਿਆ ਹੈ। ਅੱਜ ਬਿਜਲੀ ਦੀ ਵਧੀ ਮੰਗ ਪਿਛਲੇ ਸਾਲ ਨਾਲੋਂ 9.4 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਅੱਜ ਦੇ ਦਿਨ ਬਿਜਲੀ ਦੀ ਮੰਗ 7500 ਮੈਗਾਵਾਟ ਸੀ। ਉਂਜ 2022 ’ਚ ਵੀ ਇਹ ਮੰਗ 9986 ਮੈਗਾਵਾਟ ਸੀ। ਬਿਜਲੀ ਦੀ ਮੰਗ ਵਧਣ ਦਾ ਮੁੱਖ ਕਾਰਨ ਪੰਜਾਬ ਭਰ ਵਿੱਚ ਘਰੇਲੂ ਬਿਜਲੀ ਮੀਟਰਾਂ ਦੀ ਗਿਣਤੀ ਵਧਣਾ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ 600 ਯੂਨਿਟ ਤੱਕ ਬਿਜਲੀ ਮੁਫ਼ਤ ਦੇਣ ਦੇ ਫੈਸਲੇ ਮਗਰੋਂ ਵੱਡੀ ਗਿਣਤੀ ਪਰਿਵਾਰਾਂ ਨੇ ਇਸ ਸਕੀਮ ਦਾ ਲਾਭ ਲੈਣ ਖਾਤਰ ਦੋ-ਦੋ ਮੀਟਰ ਲਗਵਾ ਲਏ ਹਨ। ਦੂਜੇ ਪਾਸੇ ਬਿਜਲੀ ਦੀ ਮੰਗ ਵਧਣ ਨੂੰ ਗਰਮੀ ਪੈਣ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਹਾਲਾਂਕਿ ਲੰਘੀ ਰਾਤ ਮੀਂਹ ਵੀ ਪਿਆ ਤੇ ਅੱਜ ਵੀ ਪੰਜਾਬ ਵਿੱਚ ਕਈ ਥਾਵਾਂ ’ਤੇ ਵਰਖਾ ਹੋਈ ਹੈ ਪਰ ਅੱਜ ਸਵੇਰੇ ਪਈ ਗਰਮੀ ਨੂੰ ਬਿਜਲੀ ਦੀ ਮੰਗ ਵਧਣ ਦਾ ਕਾਰਨ ਵੀ ਮੰਨਿਆ ਜਾ ਰਿਹਾ ਹੈ। ਐਤਕੀਂ ਮੌਸਮ ਵਿਭਾਗ ਨੇ ਵੱਧ ਗਰਮੀ ਪੈਣ ਦੀ ਵੀ ਪੇਸ਼ੀਨਗੋਈ ਕੀਤੀ ਹੋਈ ਹੈ। ਅਜਿਹੇ ਵਿੱਚ ਗਰਮੀ ਪੈਣ ਅਤੇ ਝੋਨੇ ਦੀ ਲੁਆਈ ਦਾ ਸੀਜ਼ਨ ਸ਼ੁਰੂ ਹੋਣ ਮਗਰੋਂ ਬਿਜਲੀ ਦੀ ਮੰਗ ਵੱਡੇ ਪੱਧਰ ’ਤੇ ਵਧ ਸਕਦੀ ਹੈ। ਦੂਜੇ ਪਾਸੇ ਪੀਐਸਪੀਸੀਐੱਲ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਗਰਮੀ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੂੰ ਐਤਕੀਂ ਬਿਜਲੀ ਕੱਟਾਂ ਦੀ ਮੁਸ਼ਕਲ ਨਾਲ ਜੂਝਣ ਨਹੀਂ ਦਿੱਤਾ ਜਾਵੇਗਾ। ਅਦਾਰੇ ਦੇ ਇਕ ਬੁਲਾਰੇ ਨੇ ਆਖਿਆ ਕਿ ਪਿਛਲੇ ਸਾਲ ਵੀ ਅਦਾਰੇ ਨੇ ਰਿਕਾਰਡ ਬਿਜਲੀ ਸਪਲਾਈ ਦਿੱਤੀ ਸੀ। ਗਰਮੀਆਂ ’ਚ ਸਭ ਤੋਂ ਵੱਡੀ ਮੁਸ਼ਕਲ ਕੋਲੇ ਦੀ ਘਾਟ ਦੀ ਹੁੰਦੀ ਹੈ ਪਰ ਮਹਿਕਮੇ ਕੋਲ ਐਤਕੀਂ ਕੋਲਾ ਬਹੁਤ ਹੈ ਤੇ ਸਮੁੱਚੇ ਸੀਜ਼ਨ ਦੌਰਾਨ ਵੀ ਇਸ ਦੀ ਕਮੀ ਨਹੀਂ ਆਵੇਗੀ। ਪੰਜਾਬ ਸਰਕਾਰ ਵੱਲੋਂ ਖ਼ਰੀਦਿਆ ਗਿਆ ਪ੍ਰਾਈਵੇਟ ਥਰਮਲ ਪਲਾਂਟ ਵੀ ਬਿਜਲੀ ਦੀ ਵਧੇਰੇ ਪੈਦਾਵਾਰ ਦਾ ਕਾਰਨ ਦੱਸਿਆ ਜਾ ਰਿਹਾ ਹੈ। ਬੁਲਾਰੇ ਨੇ ਆਖਿਆ ਕਿ ਇਸ ਥਰਮਲ ਪਲਾਂਟ ਤੋਂ ਪਹਿਲਾਂ ਨਾਲ਼ੋਂ ਕਿਤੇ ਜ਼ਿਆਦਾ ਬਿਜਲੀ ਪੈਦਾ ਹੋਵੇਗੀ। ਬੈਂਕਿੰਗ ਸਿਸਟਮ ’ਚ ਵੀ ਤਿੰਨ ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਮੁਰੰਮਤ ਮਗਰੋਂ ਹਾਈਡਲ ਪ੍ਰਾਜੈਕਟਾਂ ਤੋਂ ਵੀ ਬਿਜਲੀ ਦੀ ਪੈਦਾਵਾਰ ਵਧੀ ਹੈ। ਉਧਰ ਪਾਵਰਕੌਮ ਦੇ ਸੀਐਮਡੀ ਇੰਜ. ਬਲਦੇਵ ਸਿੰਘ ਸਰਾ ਨੇ ਵੀ ਐਤਕੀਂ ਗਰਮੀਆਂ ’ਚ ਪੰਜਾਬ ਵਾਸੀਆਂ ਨੂੰ ਬਿਜਲੀ ਦੀ ਉਕਾ ਹੀ ਕਿੱਲਤ ਨਾ ਆਉਣ ਦੇਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਖ਼ਰੀਦੇ ਗਏ ਥਰਮਲ ਪਲਾਂਟ ਨਾਲ ਕਰੋੜਾਂ ਰੁਪਏ ਦੀ ਬੱਚਤ ਵੀ ਹੋਵੇਗੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.