
ਨਿੱਜੀ ਹਿੱਤਾਂ ਨੂੰ ਤਰਜੀਹ ਦੇਣ ਵਾਲਿਆਂ ਦੀ ਪਾਰਟੀ ਹੈ ‘ਆਪ’: ਪ੍ਰਨੀਤ
- by Aaksh News
- April 28, 2024

ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ, ਲੋਕ ਸਭਾ ਮੈਂਬਰ ਅਤੇ ਪਟਿਆਲਾ ਤੋਂ ਭਾਜਪਾ ਉੁਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਲਾਲਚੀਆਂ ਦੀ ਪਾਰਟੀ ਹੈ ਕਿਉਂਕਿ ਜਿਸ ਪਾਰਟੀ ਦਾ ਮੁਖੀ ਹੀ ਲਾਲਚੀ ਕਿਸਮ ਦਾ ਹੋਵੇ, ਉਸ ਵਿੱਚ ਹੋਰਨਾ ਆਗੂਆਂ ਤੋਂ ਸਭ ਅੱਛਾ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ਼ ਵੱਲੋਂ ਜੇਲ੍ਹ ’ਚ ਹੋਣ ਦੇ ਬਾਵਜੂਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਾ ਦੇਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਅੱਜ ਇੱਥੇ ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਅਸਤੀਫਾ ਨਾ ਦੇਣ ਦੇ ਮਾਮਲੇ ਨੂੰ ਲੈ ਕੇ ਅਦਾਲਤ ਵੀ ਕੇਜਰੀਵਾਲ ਦੀ ਝਾੜ ਝੰਭ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦਾ ਕਹਿਣਾ ਸੀ ਕਿ ਅਸਤੀਫਾ ਨਾ ਦੇ ਕੇ ਕੇਜਰੀਵਾਲ ਨੇ ਆਪਣੇ ਨਿੱਜੀ ਹਿੱਤਾਂ ਨੂੰ ਰਾਸ਼ਟਰੀ ਹਿੱਤਾਂ ਤੋਂ ਉੱਪਰ ਰੱਖਿਆ ਹੈ। ਉਨ੍ਹਾਂ ਹੋਰ ਕਿਹਾ ਕਿ ‘ਆਪ’ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਸਿਰਫ ਸੱਤਾ ’ਚ ਦਿਲਚਸਪੀ ਰੱਖਦੀ ਹੈ। ਦਿੱਲੀ ਵਿੱਚ ਸਿੱਖਿਆ ਦੇ ਪੱਧਰ ਨੂੰ ਵਧਾ-ਚੜ੍ਹਾ ਕੇ ਦੱਸਣ ਵਾਲੇ ਕੇਜਰੀਵਾਲ ਇਸ ਗੱਲ ਤੋਂ ਅਣਜਾਣ ਹਨ ਕਿ ਅੱਜ ਬੱਚਿਆਂ ਨੂੰ ਕਿਤਾਬਾਂ ਨਹੀਂ ਮਿਲ ਰਹੀਆਂ, ਜੇਕਰ ਕੇਜਰੀਵਾਲ ਨੂੰ ਬੱਚਿਆਂ ਦੀ ਪੜ੍ਹਾਈ ਦੀ ਚਿੰਤਾ ਹੁੰਦੀ ਤਾਂ ਉਹ ਬੱਚਿਆਂ ਦੇ ਭਵਿੱਖ ਨੂੰ ਪਹਿਲ ਦੇ ਕੇ ਅਸਤੀਫਾ ਦੇ ਕੇ ਬਾਬਾ ਸਾਹਿਬ ਬੀਆਰ ਅੰਬੇਡਕਰ ਦੁਆਰਾ ਬਣਾਏ ਗਏ ਭਾਰਤੀ ਸੰਵਿਧਾਨ ਪ੍ਰਤੀ ਸਤਿਕਾਰ ਵਧਾਉਣਾ ਚਾਹੀਦਾ ਸੀ।