ਪਹਿਲੇ ਮਸਲੇ ਹੱਲ ਤੋਂ ਪਹਿਲਾਂ ਹੀ ਗੋਲੀ ਚਲਾ ਕੀਤਾ ਦੂਸਰਾ ਮਸਲਾ ਖੜ੍ਹਾ ਤਰਨਤਾਰਨ, 2 ਮਈ 2026 : ਪੰਜਾਬ ਦੇ ਜਿ਼ਲਾ ਤਰਨਤਾਰਨ ਦੇ ਸਰਹੱਦੀ ਪਿੰਡ ਵਲਟੋਹਾ ਵਿਖੇ ਇਕ ਵਿਅਕਤੀ ਵਲੋਂ ਇਕ ਮਹਿਲਾ ਨੂੰ ਗੋਲੀ ਮਾਰ ਕੇ ਜਖਮੀ ਕਰ ਦੇਣ ਦਾ ਘਟਨਾਕ੍ਰਮ ਵਾਪਰਿਆ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਦੇ ਸਰਹੱਦੀ ਪਿੰਡ ਵਲਟੋਹਾ ਵਿਖੇ ਸਾਂਝੀ ਕੰਧ ਦੇ ਰੌਲੇ ’ਚ ਰਿਸ਼ਤੇਦਾਰ ਦੀ ਮਦਦ ਲਈ ਆਏ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਗੋਲੀ ਚਲਾ ਦਿੱਤੀ ਗਈ । ਹਾਲਾਂਕਿ ਇਸ ਗੋਲੀ ਨਾਲ ਉਸੇ ਦੀ ਮਾਮੀ ਜ਼ਖ਼ਮੀ ਹੋ ਗਈ, ਜਿਨ੍ਹਾਂ ਦੀ ਮਦਦ ਲਈ ਉਹ ਆਇਆ ਸੀ । ਜ਼ਖ਼ਮੀ ਔਰਤ ਨੂੰ ਵਲਟੋਹਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ । ਘਟਨਾ ਸਥਾਨ ’ਤੇ ਪੁੱਜੀ ਥਾਣਾ ਵਲਟੋਹਾ ਦੀ ਪੁਲਿਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਖਿ਼ਲਾਫ਼ ਜਾਨਲੇਵਾ ਹਮਲਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕੀ ਦੱਸਿਆ ਗਿਆ ਪੰਜਾਬ ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿਚ ਜਰਮਲ ਸਿੰਘ ਜੰਮੂ ਪੁੱਤਰ ਗੁਰਮੇਜ ਸਿੰਘ ਵਾਸੀ ਵਲਟੋਹਾ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਰਹਿੰਦੇ ਸੁਖਦੇਵ ਸਿੰਘ ਪੁੱਤਰ ਮੰਗਤ ਸਿੰਘ ਨਾਲ ਸਾਂਝੀ ਕੰਧ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਸੀ ਤੇ ਜਿਸਦਾ ਰਾਜੀਨਾਮਾ ਕਰਵਾਉਣ ਲਈ ਕਈ ਮੋਹਤਬਰ ਵਿਅਕਤੀਆਂ ਨੇ ਸਮਾਂ ਵੀ ਤੈਅ ਕੀਤਾ ਹੋਇਆ ਸੀ ਪਰ ਇਸ ਤੋਂ ਪਹਿਲਾਂ ਸੁਖਦੇਵ ਸਿੰਘ ਦਾ ਰਿਸ਼ਤੇਦਾਰ ਪਰਵਿੰਦਰ ਸਿੰਘ ਪਿੰਦਾ ਪੁੱਤਰ ਪ੍ਰਗਟ ਸਿੰਘ ਵਾਸੀ ਆਲੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਦੋ ਅਣਪਛਾਤਿਆਂ ਸਮੇਤ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਰੌਲਾ ਪਾਉਣ ਲੱਗ ਪਿਆ । ਪੁਲਸ ਨੇ ਕਰ ਦਿੱਤੀ ਹੈ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਇੰਨਾ ਹੀ ਨਹੀਂ ਉਸਨੇ ਪਿਸਤੌਲ ਨਾਲ ਉਨ੍ਹਾਂ ਵੱਲ ਜਦੋਂ ਗੋਲੀ ਚਲਾਈ ਤਾਂ ਪਿੰਦਾ ਦੀ ਆਪਣੀ ਮਾਮੀ ਸਰਬਜੀਤ ਕੌਰ ਪਤਨੀ ਸੁਖਦੇਵ ਸਿੰਘ ਉਨ੍ਹਾਂ ਦੇ ਅੱਗੇ ਹੋ ਗਈ, ਜਿਸ ਕਰਕੇ ਗੋਲੀ ਉਸਦੇ ਪੇਟ ਵਿਚ ਜਾ ਲੱਗੀ। ਗੋਲੀ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋਏ ਤਾਂ ਹਮਲਾਵਰ ਫਰਾਰ ਹੋ ਗਏ । ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਪਰਵਿੰਦਰ ਸਿੰਘ ਪਿੰਦਾ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ, ਜਿਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।
