
ਪ੍ਰਾਪਰਟੀ ਟੈਕਸ ਰਿਟਰਨ ਭਰਨ ਲਈ ਮੌਜੂਦਾ ਵਿੱਤੀ ਸਾਲ ਲਈ ਆਖਰੀ ਤਰੀਕ 30 ਸਤੰਬਰ
- by Jasbeer Singh
- September 10, 2024

ਪ੍ਰਾਪਰਟੀ ਟੈਕਸ ਰਿਟਰਨ ਭਰਨ ਲਈ ਮੌਜੂਦਾ ਵਿੱਤੀ ਸਾਲ ਲਈ ਆਖਰੀ ਤਰੀਕ 30 ਸਤੰਬਰ ਲੁਧਿਆਣਾ : ਮੌਜੂਦਾ ਵਿੱਤੀ ਸਾਲ (2024-25) ਲਈ 10 ਫੀਸਦੀ ਛੋਟ ਦੇ ਨਾਲ ਪ੍ਰਾਪਰਟੀ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 30 ਸਤੰਬਰ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 1.07 ਲੱਖ ਪ੍ਰਾਪਰਟੀ ਮਾਲਕਾਂ ਨੇ ਚਾਲੂ ਵਿੱਤੀ ਸਾਲ ਦਾ ਅਜੇ ਤੱਕ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੈ। ਉਹ 30 ਸਤੰਬਰ ਤੱਕ ਟੈਕਸ ਅਦਾ ਕਰਕੇ 10 ਫੀਸਦੀ ਛੋਟ ਦਾ ਲਾਭ ਲੈ ਸਕਦੇ ਹਨ।ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਨਗਰ ਨਿਗਮ ਦੇ ਜ਼ੋਨਲ ਸੁਵਿਧਾ ਕੇਂਦਰਾਂ `ਤੇ ਵਸਨੀਕ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰ ਸਕਦੇ ਹਨ। ਲੰਬੀਆਂ ਕਤਾਰਾਂ ਤੋਂ ਬਚਣ ਲਈ ਵਸਨੀਕ ਪ੍ਰਾਪਰਟੀ ਟੈਕਸ ਦਾ ਆਨਲਾਈਨ ਭੁਗਤਾਨ ਵੀ ਕਰ ਸਕਦੇ ਹਨ। ਨਗਰ ਨਿਗਮ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਵਸਨੀਕ 30 ਸਤੰਬਰ ਤੱਕ ਚਾਲੂ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਦੇ ਭੁਗਤਾਨ `ਤੇ 10 ਫੀਸਦੀ ਛੋਟ ਦਾ ਲਾਭ ਲੈ ਸਕਦੇ ਹਨ। 1 ਅਕਤੂਬਰ ਤੋਂ 31 ਦਸੰਬਰ ਤੱਕ ਟੈਕਸ ਦਾ ਭੁਗਤਾਨ ਕਰਨ `ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ ਹੈ। ਵਿਭਾਗ 1 ਜਨਵਰੀ ਤੋਂ 31 ਮਾਰਚ ਤੱਕ ਟੈਕਸ ਦਾ ਭੁਗਤਾਨ ਨਾ ਕਰਨ `ਤੇ 10 ਫੀਸਦੀ ਜੁਰਮਾਨਾ ਲਗਾਉਂਦਾ ਹੈ। ਜੇਕਰ ਵਸਨੀਕ ਚਾਲੂ ਵਿੱਤੀ ਸਾਲ ਲਈ 31 ਮਾਰਚ ਤੱਕ ਟੈਕਸ ਅਦਾ ਨਹੀਂ ਕਰਦੇ ਹਨ, ਤਾਂ ਜੁਰਮਾਨਾ ਵਧਾ ਕੇ 20 ਪ੍ਰਤੀਸ਼ਤ ਕਰ ਦਿੱਤਾ ਜਾਂਦਾ ਹੈ ਅਤੇ 18 ਪ੍ਰਤੀਸ਼ਤ ਸਾਲਾਨਾ ਵਿਆਜ ਵੀ ਲਗਾਇਆ ਜਾਂਦਾ ਹੈ।