
ਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਈ ਵਿਸ਼ੇਸ਼ ਵਰਕਸ਼ਾਪ
- by Jasbeer Singh
- December 20, 2024

ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਈ ਵਿਸ਼ੇਸ਼ ਵਰਕਸ਼ਾਪ - ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੇ ਕਾਲਜਾਂ ਦੇ ਨੋਡਲ ਅਫ਼ਸਰਾਂ ਨੂੰ ਅੰਕੜਿਆਂ ਦੇ ਇਕੱਤਰੀਕਰਣ ਬਾਰੇ ਦਿੱਤੀ ਸਿਖਲਾਈ -ਉਚੇਰੀ ਸਿੱਖਿਆ ਨਾਲ਼ ਸੰਬੰਧਤ ਸਰਵੇਖਣ ਬੇਹੱਦ ਮਹੱਤਵਪੂਰਣ : ਪ੍ਰੋ. ਮੁਲਤਾਨੀ ਪਟਿਆਲਾ, 20 ਦਸੰਬਰ : ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ 'ਆਲ ਇੰਡੀਆ ਸਰਵੇਅ ਆਨ ਹਾਇਰ ਐਜੂਕੇਸ਼ਨ (ਏ. ਆਈ. ਐੱਸ. ਐੱਚ. ਈ.) ਬਾਰੇ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ । ਯੂਨਵਿਰਸਿਟੀ ਤੋਂ ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਦੇ ਦਫ਼ਤਰ ਵੱਲੋਂ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਸਹਿਯੋਗ ਨਾਲ਼ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਮਨੁੱਖੀ ਸਰੋਤ ਵਿਕਾਸ ਮੰਤਰਾਲਾ, ਨਵੀਂ ਦਿੱਲੀ ਅਤੇ ਉਚੇਰੀ ਸਿੱਖਿਆ ਵਿਭਾਗ, ਪੰਜਾਬ ਤੋਂ ਅਧਿਕਾਰੀ ਅਤੇ ਮਾਹਿਰ ਸ਼ਾਮਿਲ ਹੋਏ ਜਿਨ੍ਹਾਂ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੇ ਕਾਲਜਾਂ ਦੇ ਸੰਬੰਧਤ ਨੋਡਲ ਅਫ਼ਸਰਾਂ ਨੂੰ ਉਚੇਰੀ ਸਿੱਖਿਆ ਦੇ ਖੇਤਰ ਨਾਲ਼ ਜੁੜੇ ਅੰਕੜਿਆਂ ਦੇ ਇਕੱਤਰੀਕਰਣ ਦੀ ਮਹੱਤਤਾ ਬਾਰੇ ਪੱਖਾਂ ਨੂੰ ਉਜਾਗਰ ਕਰਦਿਆਂ ਇਸ ਦੀਆਂ ਵਿਧੀਆਂ ਬਾਰੇ ਸਿਖਲਾਈ ਦਿੱਤੀ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਵਰਕਸ਼ਾਪ ਦੇ ਉਦਘਾਟਨ ਮੌਕੇ ਬੋਲਦਿਆਂ ਕਿਹਾ ਕਿ ਉਚੇਰੀ ਸਿੱਖਿਆ ਨਾਲ਼ ਸੰਬੰਧਤ ਸਰਵੇਖਣ ਬੇਹੱਦ ਮਹੱਤਵਪੂਰਣ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਰਵੇਖਣਾਂ ਤੋਂ ਪ੍ਰਾਪਤ ਅੰਕੜਿਆਂ ਦੇ ਅਧਾਰ ਉੱਤੇ ਉਚੇਰੀ ਸਿੱਖਿਆ ਨਾਲ਼ ਸੰਬੰਧਤ ਵੱਖ-ਵੱਖ ਤੱਥ ਸਾਹਮਣੇ ਆਉਂਦੇ ਹਨ ਜੋ ਕਿ ਸਿੱਖਿਆ ਦੀ ਬਿਹਤਰੀ ਅਤੇ ਵੱਖ-ਵੱਖ ਨੀਤੀਆਂ ਦੇ ਨਿਰਮਾਣ ਵਿੱਚ ਕਾਰਗਰ ਸਾਬਿਤ ਹੁੰਦੇ ਹਨ । ਉਨ੍ਹਾਂ ਮਿਸਾਲ ਦਿੱਤੀ ਕਿ ਏ. ਆਈ. ਐੱਸ. ਐੱਚ. ਈ. ਦੀ ਤਾਜ਼ਾ ਰਿਪੋਰਟ ਅਨੁਸਾਰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਦਾਖ਼ਲ ਹੋਣ ਵਾਲ਼ੀਆਂ ਲੜਕੀਆਂ ਦੀ ਗਿਣਤੀ ਲੜਕਿਆਂ ਦੇ ਮੁਕਾਬਲੇ ਜ਼ਿਆਦਾ ਹੈ ਜੋ ਕਿ ਲਿੰਗਕ ਬਰਾਬਰੀ ਵੱਲ ਲਗਾਤਾਰ ਵਧ ਰਹੇ ਸਾਡੇ ਕਦਮਾਂ ਨੂੰ ਦਰਸਾਉਂਦੀ ਹੈ । ਮਨੁੱਖੀ ਸਰੋਤ ਵਿਕਾਸ ਮੰਤਰਾਲੇ ਤੋਂ ਪੁੱਜੇ ਡਿਪਟੀ ਡਾਇਰੈਕਟਰ ਡੋਨਾ ਫਰਾਂਸਿਸ ਨੇ ਦੱਸਿਆ ਕਿ ਏ. ਆਈ. ਐੱਸ. ਐੱਚ. ਈ. ਦੇ ਤਾਜ਼ਾ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਦਾਖ਼ਲ ਹੋਣ ਵਾਲ਼ੇ ਵਿਦਿਆਰਥੀਆਂ ਦੀ ਗਿਣਤੀ ਨਾਲ਼ ਜੁੜੀ ਜੀ. ਈ. ਆਰ. 29.7 ਫ਼ੀਸਦੀ ਹੈ ਜੋ ਕਿ ਭਾਰਤ ਦੀ ਔਸਤ ਦਰ ਤੋਂ ਜ਼ਿਆਦਾ ਹੈ । ਇਸੇ ਤਰ੍ਹਾਂ ਲੜਕਿਆਂ ਦੀ ਬਜਾਇ ਲੜਕੀਆਂ ਦੀ ਗਿਣਤੀ ਸੰਬੰਧੀ ਦਰ ਵੀ ਭਾਰਤ ਦੀ ਔਸਤ ਦਰ ਨਾਲ਼ੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਸਰਕਾਰ ਨੇ ਏ. ਆਈ. ਐੱਸ. ਐੱਚ. ਈ. ਰਾਹੀਂ ਜੁਟਾਏ ਜਾਂਦੇ ਅੰਕੜਿਆਂ ਦੀ ਪ੍ਰਮਾਣਿਕਤਾ ਨੂੰ ਵੇਖਦਿਆਂ ਇਸ ਦੀ ਵਰਤੋਂ ਨੂੰ ਸਕਾਲਰਸ਼ਿਪ ਤੋਂ ਲੈ ਕੇ ਵੱਖ-ਵੱਖ ਪ੍ਰੋਗਰਾਮਾਂ ਅਤੇ ਨੀਤੀਆਂ ਦੇ ਨਿਰਮਾਣ ਸਮੇਂ ਕੀਤੀ ਜਾ ਰਹੀ ਹੈ । ਰੂਸਾ ਤੋਂ ਪ੍ਰਾਜੈਕਟ ਡਾਇਰੈਕਟਰ ਵਨੀਤਾ ਆਨੰਦ ਨੇ ਕਿਹਾ ਕਿ ਨੀਤੀਆਂ ਦੇ ਨਿਰਮਾਣ ਲਈ ਅੰਕੜਿਆਂ ਦਾ ਦਰੁਸਤ ਹੋਣਾ ਲਾਜ਼ਮੀ ਹੈ। ਇਸ ਲਿਹਾਜ਼ ਨਾਲ਼ ਇਹ ਕਦਮ ਬੇਹੱਦ ਅਹਿਮ ਹੈ । ਉਨ੍ਹਾਂ ਇਸ ਮੌਕੇ ਹਾਜ਼ਰ ਨੋਡਲ ਅਫ਼ਸਰਾਂ ਨੂੰ ਇਨ੍ਹਾਂ ਅੰਕੜਿਆਂ ਬਾਰੇ ਲੋੜੀਂਦੀ ਜਾਣਕਾਰੀ ਜਲਦੀ ਅਤੇ ਦਰੁਸਤ ਰੂਪ ਵਿੱਚ ਭੇਜਣ ਲਈ ਕਿਹਾ। ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਸਭ ਤੋਂ ਵਧੇਰੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੇ ਹੋਏ ਹਨ। ਉਨ੍ਹਾਂ ਸੁਝਾਇਆ ਕਿ ਏ. ਆਈ. ਐੱਸ. ਐੱਚ. ਈ. ਰਾਹੀਂ ਜੁਟਾਏ ਅੰਕੜਿਆਂ ਨੂੰ ਨੈਕ ਅਤੇ ਨਿਰਫ਼ ਰੈਂਕਿੰਗ ਨਾਲ਼ ਵੀ ਜੋੜਿਆ ਜਾਣਾ ਚਾਹੀਦਾ ਹੈ ਤਾਂ ਕਿ ਯੂਨੀਵਰਸਿਟੀ ਨੂੰ ਰਾਸ਼ਟਰ ਪੱਧਰੀ ਦਰਜਾਬੰਦੀ ਵਿੱਚ ਅਜਿਹੇ ਤੱਥਾਂ ਦਾ ਲਾਭ ਮਿਲ ਸਕੇ । ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਵੱਖ-ਵੱਖ ਕੋਰਸਾਂ ਅਤੇ ਨੀਤੀਆਂ ਦੇ ਨਿਰਮਾਣ ਦੇ ਨਾਲ਼-ਨਾਲ਼ ਹੁਣ ਇਨ੍ਹਾਂ ਅੰਕੜਿਆਂ ਦੀ ਮਹੱਤਤਾ ਕੌਮੀ ਸਿੱਖਿਆ ਨੀਤੀ (ਨੈਸ਼ਨਲ ਐਜੂਕੇਸ਼ਨ ਪਾਲਿਸੀ) ਨੂੰ ਲਾਗੂ ਕਰਨ ਦੇ ਲਿਹਾਜ਼ ਨਾਲ਼ ਹੋਰ ਵੀ ਵਧ ਗਈ ਹੈ । ਇਸ ਮੌਕੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਬਲਰਾਜ ਸਿੰਘ ਸੈਣੀ ਵੀ ਹਾਜ਼ਰ ਰਹੇ। ਉਦਘਾਟਨੀ ਸੈਸ਼ਨ ਮੌਕੇ ਏ. ਆਈ. ਐੱਸ. ਐੱਚ. ਈ. ਟੀਮ ਦਾ ਸਨਮਾਨ ਵੀ ਕੀਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.