July 6, 2024 01:34:04
post

Jasbeer Singh

(Chief Editor)

National

ਨਗਰ ਨਿਗਮ ਨੇ ਨੌਂ ਡਿਫਾਲਟਰ ਟੈਕਸੀ ਸਟੈਂਡਾਂ ਨੂੰ ਲਗਾਏ ਤਾਲੇ

post-img

ਚੰਡੀਗੜ੍ਹ ਨਗਰ ਨਿਗਮ ਨੇ ਜ਼ਮੀਨ ਦੇ ਕਿਰਾਏ (ਗਰਾਊਂਡ ਰੈਂਟ) ਵਜੋਂ ਕੁੱਲ 1.12 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਕਰਨ ਵਾਲੇ ਸ਼ਹਿਰ ਦੇ ਨੌਂ ਟੈਕਸੀ ਸਟੈਂਡਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਟੈਕਸੀ ਸਟੈਂਡਾਂ ਨੂੰ ਤਾਲੇ ਲਗਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਕਮਿਸ਼ਨਰ ਅਨੰਦਿਤਾ ਮਿੱਤਰਾ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਨਿਗਮ ਦੇ ਇੰਜਨੀਅਰਿੰਗ ਵਿੰਗ ਦੀ ਟੀਮ ਨੇ ਸ਼ਹਿਰ ਦੇ ਨੌਂ ਡਿਫਾਲਟਰ ਟੈਕਸੀ ਸਟੈਂਡਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਇਹ ਟੈਕਸੀ ਸਟੈਂਡ ਜ਼ਮੀਨ ਦੇ ਕਿਰਾਏ ਦੀ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਵਿੱਚ ਅਸਫਲ ਰਹੇ ਸਨ। ਨਿਗਮ ਨੇ ਇਨ੍ਹਾਂ ਡਿਫਾਲਟਰ ਟੈਕਸੀ ਸਟੈਂਡਾਂ ਨੂੰ ਆਪਣਾ ਬਕਾਇਆ ਜਮ੍ਹਾਂ ਕਰਵਾਉਣ ਲਈ 25 ਜੂਨ ਤੱਕ ਦਾ ਸਮਾਂ ਦਿੱਤਾ ਸੀ, ਜਿਸ ਦੀ ਮਿਆਦ ਖ਼ਤਮ ਹੋਣ ’ਤੇ ਅੱਜ ਨਿਗਮ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਟੈਕਸੀ ਸਟੈਂਡਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ ਨਗਰ ਨਿਗਮ ਨੇ ਕੁੱਲ 59 ਟੈਕਸੀ ਸਟੈਂਡਾਂ ਨੂੰ ਨੋਟਿਸ ਭੇਜ ਕੇ ਕਰੀਬ 5.34 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਵਿੱਚੋਂ 4.21 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਵਸੂਲ ਲਈ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਅੱਜ ਉਨ੍ਹਾਂ ਨੌਂ ਡਿਫਾਲਟਰ ਟੈਕਸੀ ਸਟੈਂਡਾਂ ਦਾ ਕਬਜ਼ਾ ਲੈ ਲਿਆ ਹੈ ਜੋ ਕਿ 25 ਜੂਨ ਤੱਕ ਆਖਰੀ ਮੌਕਾ ਦੇਣ ਦੇ ਬਾਵਜੂਦ 1.12 ਕਰੋੜ ਰੁਪਏ ਦੇ ਬਕਾਏ ਜਮ੍ਹਾਂ ਕਰਵਾਉਣ ਵਿੱਚ ਅਸਫਲ ਰਹੇ ਸਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਜਨਰਲ ਹਾਊਸ ਨੇ 17 ਅਕਤੂਬਰ 2023 ਨੂੰ ਹੋਈ ਮੀਟਿੰਗ ਵਿੱਚ 10 ਫੀਸਦੀ ਸਾਲਾਨਾ ਵਿਆਜ ਮੁਆਫ ਕਰਨ ਦਾ ਫੈਸਲਾ ਲਿਆ ਸੀ ਅਤੇ ਟੈਕਸੀ ਸਟੈਂਡਾਂ ਦੇ ਮਾਲਕਾਂ ਦੇ ਬਕਾਏ ਦੀ ਅਦਾਇਗੀ ਲਈ ਅਕਤੂਬਰ 2023 ਤੋਂ ਮਾਰਚ 2024 ਤੱਕ ਛੇ ਕਿਸ਼ਤਾਂ ਤੈਅ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਟੈਕਸੀ ਸਟੈਂਡਾਂ ਨੇ ਆਪਣੀ ਬਕਾਇਆ ਰਾਸ਼ੀ ਅਦਾ ਕਰ ਦਿੱਤੀ ਹੈ, ਉਨਾਂ ਨੂੰ ‘ਜਿਵੇਂ ਹੈ, ਜਿੱਥੇ ਹੈ’ ਦੇ ਆਧਾਰ ’ਤੇ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ।

Related Post