

ਪਿੰਡ ਕਰਹਾਲੀ ਸਾਹਿਬ ਵਿੱਚ ਸਥਿਤ ਗੁਗਾ ਮਾੜੀ ਮੰਦਰ ਵਿਖੇ ਬੁੱਧਵਾਰ ਦੇਰ ਰਾਤ ਮਾਮੂਲੀ ਤਕਰਾਰ ਤੋਂ ਬਾਅਦ ਪਿੰਡ ਦੇ ਹੀ ਪਿਉ-ਪੁੱਤਰ ਵੱਲੋਂ ਪੁਜਾਰੀ ਦਾ ਕਤਲ ਕਰ ਦਿੱਤਾ ਗਿਆ। ਰਾਮ ਨਗਰ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਜਾਂਚ ਅਧਿਕਾਰੀ ਰਾਮਨਗਰ ਪੁਲੀਸ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਰਸ਼ਨ ਸਿੰਘ (55) ਦੇ ਪੁੱਤਰ ਸਿਮਰਨਪ੍ਰੀਤ ਸਿੰਘ ਵਾਸੀ ਪਿੰਡ ਕਰਹਾਲੀ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਪਿਤਾ ਗੁੱਗਾ ਮਾੜੀ ਮੰਦਰ ਵਿਖੇ ਪਿਛਲੇ 15 ਸਾਲ ਤੋਂ ਸੇਵਾ ਕਰ ਰਿਹਾ ਸੀ। ਬੀਤੀ ਰਾਤ ਗੁਗਾ ਮਾੜੀ ਮੰਦਰ ਦੇ ਨਾਲ ਲੱਗਦੇ ਖੇਤ ਦੇ ਮਾਲਕ ਦਲਜੀਤ ਸਿੰਘ ਤੇ ਉਸ ਦਾ ਪੁੱਤਰ ਗੁਰਪ੍ਰੀਤ ਸਿੰਘ ਕਰੀਬ 10 ਵਜੇ ਗੁਗਾ ਮਾੜੀ ’ਚ ਆਏ ਜਿਨ੍ਹਾਂ ਨੇ ਉਸ ਦੇ ਪਿਤਾ ਨੂੰ ਡੰਡੇ ਸੋਟਿਆ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਜਾਂਦੇ ਹੋਏ ਉਸ ਦੀ ਗਰਦਨ ਮਰੋੜ ਗਏ। ਉਨ੍ਹਾਂ ਨੂੰ ਪਤਾ ਲੱਗਣ ’ਤੇ ਉਹ ਆਪਣੇ ਪਿਤਾ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਇਲਾਜ ਲਈ ਲੈ ਕੇ ਗਏ, ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਅਨੁਸਾਰ ਦਲਜੀਤ ਸਿੰਘ ਤੇ ਉਸ ਦੇ ਪੁੱਤਰ ਗੁਰਪ੍ਰੀਤ ਸਿੰਘ ਉਰਫ ਸਨੀ ਦਿਓਲ ਵਾਸੀ ਪਿੰਡ ਕਰਹਾਲੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਲਾਸ ਦਾ ਸੈਂਕੜੇ ਪਿੰਡ ਵਾਸੀਆਂ ਤੇ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਗੁਗਾ ਮਾੜੀ ਮੰਦਰ ਵਿਖੇ ਹੀ ਸਸਕਾਰ ਕਰ ਦਿੱਤਾ ਗਿਆ।