
ਘਰਾਚੋਂ ਵਿਖੇ ਆਯੋਜਿਤ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਕੈਂਪ ਦਾ ਲੋੜਵੰਦਾਂ ਨੇ ਉਠਾਇਆ ਲਾਭ : ਡਾ. ਵਿਨੀਤ ਕੁਮਾਰ
- by Jasbeer Singh
- July 18, 2024

ਘਰਾਚੋਂ ਵਿਖੇ ਆਯੋਜਿਤ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਕੈਂਪ ਦਾ ਲੋੜਵੰਦਾਂ ਨੇ ਉਠਾਇਆ ਲਾਭ : ਡਾ. ਵਿਨੀਤ ਕੁਮਾਰ ਇਕੋ ਛੱਤ ਹੇਠਾਂ ਵੱਡੀ ਗਿਣਤੀ ਲੋੜਵੰਦਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਵੱਖ-ਵੱਖ ਸਰਕਾਰੀ ਸੇਵਾਵਾਂ ਘਰਾਚੋਂ/ਭਵਾਨੀਗੜ੍ਹ, 18 ਜੁਲਾਈ : ਪੰਜਾਬ ਵਾਸੀਆਂ ਨੂੰ ਸਰਵੋਤਮ ਤੇ ਸਮਾਂਬੱਧ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਿੱਥੇ ਟੀਚੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਨਾਂ ਦੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਸਬ ਡਵੀਜ਼ਨ ਭਵਾਨੀਗੜ੍ਹ ਵਿੱਚ ਪੜਾਅਵਾਰ ਢੰਗ ਨਾਲ ਲੱਗ ਰਹੇ ਇਨ੍ਹਾਂ ਕੈਂਪਾ ਦਾ ਲੋੜਵੰਦ ਲੋਕ ਵਧ ਚੜ੍ਹ ਕੇ ਲਾਭ ਉਠਾ ਰਹੇ ਹਨ। ਇਹ ਪ੍ਰਗਟਾਵਾ ਐਸ.ਡੀ.ਐਮ ਭਵਾਨੀਗੜ੍ਹ ਡਾ. ਵਿਨੀਤ ਕੁਮਾਰ ਨੇ ਅੱਜ ਘਰਾਚੋਂ ਵਿਖੇ ਆਯੋਜਿਤ ਅਜਿਹੇ ਹੀ ਇੱਕ ਕੈਂਪ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੀ ਅਗਵਾਈ ਹੇਠ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੇ ਸਰਕਾਰੀ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਿਨੈਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਨਿਰਧਾਰਿਤ ਸਮਾਂ ਸੀਮਾ ਅੰਦਰ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ ਵੱਖ ਭਲਾਈ ਯੋਜਨਾਵਾਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਯੋਜਨਾਵਾਂ ਦੇ ਲਾਭ ਹਾਸਲ ਕਰਨ ਲਈ ਲੋੜੀਂਦੇ ਦਸਤਾਵੇਜ਼ ਲਗਵਾ ਕੇ ਬਿਨੈ ਫਾਰਮ ਭਰੇ ਜਾਂਦੇ ਹਨ ਤਾਂ ਜੋ ਸਬੰਧਤ ਵਿਭਾਗਾਂ ਰਾਹੀਂ ਉਨ੍ਹਾਂ ਨੂੰ ਯੋਜਨਾਵਾਂ ਦਾ ਬਣਦਾ ਲਾਭ ਹਾਸਲ ਹੋ ਸਕੇ । ਕੈਂਪ ਦੌਰਾਨ ਮਾਲ ਵਿਭਾਗ, ਸੇਵਾ ਕੇਂਦਰ, ਪਾਵਰਕੌਮ, ਜਲ ਸਪਲਾਈ ਤੇ ਸੈਨੀਟੇਸ਼ਨ, ਤਹਿਸੀਲ ਭਲਾਈ ਵਿਭਾਗ, ਸਿਹਤ ਵਿਭਾਗ, ਕਿਰਤ ਵਿਭਾਗ, ਪਾਵਰਕੌਮ, ਜਿ਼ਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ, ਪੈਨਸ਼ਨਾਂ, ਖੇਤੀਬਾੜੀ, ਸਹਿਕਾਰਤਾ, ਭੂਮੀ ਸੁਰੱਖਿਆ ਆਦਿ ਸਮੇਤ ਹੋਰ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ।