
ਪੰਜਾਬੀ ਯੂਨੀਵਰਸਿਟੀ ਵਿਖੇ 10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ ਚੌਥੇ ਦਿਨ 'ਸ਼ਰਧਾ ਸੁਮਨ' ਨਾਟਕ ਕੀਤਾ ਪੇਸ਼
- by Jasbeer Singh
- December 6, 2024

ਪੰਜਾਬੀ ਯੂਨੀਵਰਸਿਟੀ ਵਿਖੇ 10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ ਚੌਥੇ ਦਿਨ 'ਸ਼ਰਧਾ ਸੁਮਨ' ਨਾਟਕ ਕੀਤਾ ਪੇਸ਼ -ਰੂ-ਬ-ਰੂ ਸ਼ੈਸਨ ਦੌਰਾਨ ਫ਼ਿਲਮੀ ਅਦਾਕਾਰਾ ਰੁਪਿੰਦਰ ਰੂਪੀ ਹੋਏ ਦਰਸ਼ਕਾਂ ਦੇ ਸਨਮੁਖ ਪਟਿਆਲਾ, 6 ਦਸੰਬਰ : ਯੁਵਕ ਭਲਾਈ ਵਿਭਾਗ ਅਤੇ ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵੱਲੋਂ ਕਰਵਾਏ ਜਾ ਰਹੇ 10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ ਚੌਥੇ ਦਿਨ ਯੁਵਾ ਥੀਏਟਰ ਵੱਲੋਂ ਨਾਟਕ 'ਸ਼ਰਧਾ ਸੁਮਨ' ਪੇਸ਼ ਕੀਤਾ ਗਿਆ, ਜਿਸ ਦਾ ਨਿਰਦੇਸ਼ਨ ਡਾ. ਅੰਕੁਰ ਸ਼ਰਮਾ ਨੇ ਕੀਤਾ । ਸ਼ਰਧਾ ਸੁਮਨ ਨਾਟਕ ਗਿਰੀਸ਼ ਕਰਨਾਡ ਦੀ ਕਹਾਣੀ ਦਾ ਨਾਟਕੀ ਰੂਪਾਂਤਰ ਹੈ । ਇਸ ਵਿੱਚ ਦਿਖਾਇਆ ਗਿਆ ਹੈ ਕਿ ਗੁਨਾਹਗਾਰ ਬੰਦਾ ਭਾਵੇਂ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਬੇਗੁਨਾਹ ਸਾਬਿਤ ਕਰ ਦੇਵੇ, ਪਰ ਉਸਦਾ ਅੰਦਰ ਹਮੇਸ਼ਾ ਇਹ ਗੱਲ ਜਾਣਦਾ ਹੁੰਦਾ ਹੈ ਕਿ ਉਹ ਗੁਨਾਹਗਾਰ ਹੈ । ਆਪਣੀ ਅੰਤਰ ਆਤਮਾ ਤੋਂ ਉਹ ਕਦੇ ਵੀ ਛੁਟਕਾਰਾ ਨਹੀਂ ਪਾ ਸਕਦਾ । ਨਾਟਕ ਵਿੱਚ ਡਾ. ਅੰਕੁਰ ਸ਼ਰਮਾ, ਵਿਸ਼ੇਸ਼ ਅਰੋੜਾ, ਨਿਧੀ ਚੁੱਘ, ਦਿਵਿਆਂਸ਼ੂ, ਸਿਮਰ , ਪ੍ਰਿੰਕਲ ਹੰਸ ਅਤੇ ਇਬਾਦਤ ਮੰਡ ਨੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਇਆ । ਜੀਵਨ ਅਤੇ ਉੱਤਮ ਨੇ ਨਾਟਕ ਦੇ ਮਿਊਜ਼ਿਕ ਤੇ ਲਾਈਟਿੰਗ ਨੂੰ ਓਪਰੇਟ ਕੀਤਾ । ਫ਼ੈਸਟੀਵਲ ਡਾਇਰੈਕਟਰ ਡਾ.ਇੰਦਰਜੀਤ ਗੋਲਡੀ ਨੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ । ਸਵੇਰ ਦੇ ਰੂ ਬ ਰੂ ਵਾਲ਼ੇ ਸ਼ੈਸਨ ਦੌਰਾਨ ਪੰਜਾਬੀ ਰੰਗਮੰਚ ਤੇ ਫਿਲਮੀ ਅਦਾਕਾਰਾ ਰੁਪਿੰਦਰ ਰੂਪੀ ਅਤੇ ਉਨ੍ਹਾਂ ਦੇ ਹਮਸਫ਼ਰ ਭੁਪਿੰਦਰ ਬਰਨਾਲਾ ਨੇ ਦਰਸ਼ਕਾਂ ਨਾਲ ਆਪਣੇ ਰੰਗਮੰਚ ਤੇ ਫ਼ਿਲਮੀ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਹਰ ਸਫਲਤਾ ਦੇ ਪਿੱਛੇ ਇੱਕ ਲੰਬਾ ਸੰਘਰਸ਼ ਹੈ । ਇੱਕ ਔਰਤ ਨੂੰ ਆਪਣੇ ਕੰਮ ਤੇ ਗ੍ਰਹਿਸਥੀ ਜੀਵਨ ਵਿੱਚ ਤਾਲਮੇਲ ਬਿਠਾਉਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਇਹ ਵੀ ਕਿਹਾ ਕਿ ਪਤੀ ਪਤਨੀ ਦਾ ਸਾਥ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਬਹੁਤ ਜ਼ਰੂਰੀ ਹੈ । ਹਰ ਕੰਮ ਵਿੱਚ ਸਬਰ ਸੰਤੋਖ ਹੀ ਮੰਜ਼ਿਲ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ । ਇਸ ਸੈਸ਼ਨ ਦੇ ਅੰਤ ਵਿੱਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਹਿਤ ਰਸ਼ੀਅਨ ਲੇਖਕ ਬੋਰਿਸ ਪੋਲੋਵੇਈ ਦੀ ਲਿਖੀ ਪੁਸਤਕ ‘ਅਸਲੀ ਇਨਸਾਨ ਦੀ ਕਹਾਣੀ ’ ਇਸ ਜੋੜੀ ਵੱਲੋਂ ਰਿਲੀਜ਼ ਕੀਤੀ ਗਈ ।
Related Post
Popular News
Hot Categories
Subscribe To Our Newsletter
No spam, notifications only about new products, updates.