
ਪਿਛਲੀ ਸਰਕਾਰ ਦੇ ਖਜਾਨੇ ਖਾਲੀ ਸਨ ਬਲਕਿ ਇਰਾਦੇ ਹੀ ਖ਼ਾਲੀ ਸਨ : ਭਗਵੰਤ ਮਾਨ
- by Jasbeer Singh
- November 9, 2024

ਪਿਛਲੀ ਸਰਕਾਰ ਦੇ ਖਜਾਨੇ ਖਾਲੀ ਸਨ ਬਲਕਿ ਇਰਾਦੇ ਹੀ ਖ਼ਾਲੀ ਸਨ : ਭਗਵੰਤ ਮਾਨ ਹੁਸ਼ਿਆਰਪੁਰ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੱਬੇਵਾਲ ਵਿੱਚ ‘ਆਪ’ ਉਮੀਦਵਾਰ ਇਸ਼ਾਂਕ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਲਈ ਚੋਣ ਪ੍ਰਚਾਰ ਕੀਤਾ । ਦੋਵੇਂ ਆਗੂਆਂ ਨੇ ਜੀਆਂ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ । ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਪੰਜ ਸਾਲ ਇਹੀ ਕਹਿੰਦੇ ਰਹੇ ਕਿ ਖ਼ਜ਼ਾਨਾ ਖ਼ਾਲੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਨੇ ਨਾ ਤਾਂ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ, ਨਾ ਸੜਕਾਂ ਬਣਾਈਆਂ, ਨਾ ਹੀ ਚੰਗੇ ਹਸਪਤਾਲ, ਸਕੂਲ-ਕਾਲਜ ਬਣਾਏ, ਫਿਰ ਖ਼ਜ਼ਾਨਾ ਖ਼ਾਲੀ ਕਿਵੇਂ ਹੋ ਗਿਆ? ਅਸਲ ਵਿੱਚ ਉਨ੍ਹਾਂ ਦੇ ਇਰਾਦੇ ਖ਼ਾਲੀ ਸਨ । ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇ ਸੀ । ਉਨ੍ਹਾ ਕਿਹਾ ਕਿ ਅਸੀਂ ਕਦੇ ਇਹ ਨਹੀਂ ਕਿਹਾ ਕਿ ਖ਼ਜ਼ਾਨਾ ਖ਼ਾਲੀ ਹੈ ਅਤੇ ਵੱਡੇ ਕੰਮ ਵੀ ਕੀਤੇ ਹਨ । ਆਮ ਲੋਕਾਂ ਲਈ ਬਿਜਲੀ ਮੁਫ਼ਤ ਕੀਤੀ। ਖੇਤੀ ਲਈ ਵੀ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਤੋਂ ਵੱਧ ਬਿਜਲੀ ਮਿਲ ਰਹੀ ਹੈ । ਬਿਜਲੀ ਦੀ ਕਮੀ ਨੂੰ ਦੂਰ ਕਰਨ ਲਈ ਅਸੀਂ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਖ਼ਰੀਦਿਆ । ਢਾਈ ਸਾਲਾਂ ਵਿੱਚ ਅਸੀਂ 45 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ । ਅੱਜ-ਕੱਲ੍ਹ ਪਿੰਡਾਂ ਵਿੱਚ ਮੁਕਾਬਲਾ ਚੱਲ ਰਿਹਾ ਹੈ ਕਿ ਕਿਸ ਪਿੰਡ ਨੂੰ ਕਿੰਨੀਆਂ ਨੌਕਰੀਆਂ ਮਿਲਿਆਂ ਹਨ । ਉਨ੍ਹਾਂ ਕਿਹਾ ਕਿ ਸਾਡੇ ਇਰਾਦੇ ਸਾਫ਼ ਸਨ ਇਸੇ ਲਈ ਇੰਨੇ ਕੰਮ ਹੋਏ । ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਵੀ ਲੋਕਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ । ਪਹਿਲਾਂ ਉਹ ਵੋਟਾਂ ਖ਼ਰੀਦਣ ਅਤੇ ਜਿੱਤਣ ਲਈ ਫ਼ੋਨ 'ਤੇ ਹੀ ਸੌਦੇ ਕਰਦੇ ਸਨ । ਉਨ੍ਹਾਂ 2014 ਦੀਆਂ ਲੋਕ ਸਭਾ ਚੋਣਾਂ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਸੁਖਦੇਵ ਸਿੰਘ ਢੀਂਡਸਾ ਇੱਕ ਬਜ਼ੁਰਗ ਵਿਅਕਤੀ ਦੇ ਚਰਨ ਛੂਹ ਰਹੇ ਸਨ ਅਤੇ ਉਹ ਅਸ਼ੀਰਵਾਦ ਮੈਨੂੰ ਦੇ ਰਿਹਾ ਸੀ। ਕਿਉਂਕਿ ਉਨ੍ਹਾਂ ਨੂੰ ਮੇਰੇ ਕਾਰਨ ਲੋਕਾਂ ਦੇ ਪੈਰ ਛੂਹਣੇ ਪੈ ਰਹੇ ਸਨ । ਪਹਿਲਾਂ ਉਹ ਚੋਣਾਂ ਵੇਲੇ ਵੀ ਘਰ ਬੈਠੇ ਰਹਿੰਦੇ ਸਨ । ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਇਹ ਤਬਦੀਲੀ ਅਰਵਿੰਦ ਕੇਜਰੀਵਾਲ ਕਾਰਨ ਆਈ ਹੈ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਕੰਮ ਦੀ ਰਾਜਨੀਤੀ ਕਰਦੀ ਹੈ । ਭਾਰਤੀ ਜਨਤਾ ਪਾਰਟੀ ਅਰਵਿੰਦ ਕੇਜਰੀਵਾਲ ਦੇ ਕੰਮਾਂ ਤੋਂ ਡਰਦੀ ਹੈ, ਇਸ ਲਈ ਉਨ੍ਹਾਂ ਨੇ ਇੱਕ ਸਾਜ਼ਿਸ਼ ਤਹਿਤ ਉਨ੍ਹਾਂ ਨੂੰ, ਮਨੀਸ਼ ਸਿਸੋਦੀਆ ਅਤੇ ਹੋਰ 'ਆਪ' ਨੇਤਾਵਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ । ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਕੇਜਰੀਵਾਲ ਨੂੰ ਤਾਂ ਜੇਲ੍ਹ ਵਿੱਚ ਸੁੱਟ ਦੇਣਗੇ ਪਰ ਉਨ੍ਹਾਂ ਦੀ ਸੋਚ ਨੂੰ ਕਿਵੇਂ ਅੰਦਰ ਕਰਨਗੇ । ਕਾਂਗਰਸ 'ਤੇ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੈਸੇ ਦੀ ਕਮੀ ਕਾਰਨ ਆਮ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਦੂਜੇ ਪਾਸੇ ਵਿਜੀਲੈਂਸ ਦੀ ਜਾਂਚ ਦੌਰਾਨ ਹੁਸ਼ਿਆਰਪੁਰ ਦੇ ਇੱਕ ਕਾਂਗਰਸੀ ਮੰਤਰੀ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਮਿਲੀ, ਅੰਦਾਜ਼ਾ ਲਗਾਓ ਕਿ ਉਸ ਨੇ ਕਿੰਨਾ ਪੈਸਾ ਲੁੱਟਿਆ ਹੋਵੇਗਾ! ਉਹ ਰਾਜਨੀਤੀ ਵਿੱਚ ਪੈਸੇ ਕਮਾਉਣ ਲਈ ਹੀ ਆਉਂਦੇ ਹਨ । ਉਨ੍ਹਾਂ ਲਈ ਰਾਜਨੀਤੀ ਇੱਕ ਵਪਾਰ ਹੈ। ਅਸੀਂ ਜਨਤਾ ਦੇ ਪੈਸੇ ਨਾਲ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਹਾਂ। ਢਾਈ ਸਾਲਾਂ ਵਿੱਚ 850 ਤੋਂ ਵੱਧ ਆਮ ਆਦਮੀ ਕਲੀਨਿਕ ਬਣਾਏ ਗਏ ਹਨ, ਜਿਨ੍ਹਾਂ ਵਿੱਚ ਹੁਣ ਤੱਕ 2 ਕਰੋੜ ਤੋਂ ਵੱਧ ਲੋਕ ਆਪਣਾ ਇਲਾਜ ਕਰਵਾ ਚੁੱਕੇ ਹਨ । ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਸੁਧਰ ਰਹੀ ਹੈ । ਮੈਡੀਕਲ ਕਾਲਜ ਬਣਾ ਰਹੇ ਹਾਂ । ਹੁਸ਼ਿਆਰਪੁਰ ਵਿੱਚ ਇੱਕ ਆਯੁਰਵੈਦਿਕ ਮੈਡੀਕਲ ਕਾਲਜ ਵੀ ਬਣਾਇਆ ਜਾ ਰਿਹਾ ਹੈ । ਪ੍ਰਤਾਪ ਬਾਜਵਾ 'ਤੇ ਹਮਲਾ ਕਰਦਿਆਂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਲੋਕ ਨਿਰਮਾਣ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਪੰਜਾਬ 'ਚ ਸਭ ਤੋਂ ਵੱਧ ਟੋਲ ਪਲਾਜ਼ੇ ਲਗਾਏ ਹਨ । ਅਸੀਂ 16 ਟੋਲ ਬੰਦ ਕੀਤੇ ਹਨ, ਜਿਸ ਕਾਰਨ ਲੋਕਾਂ ਨੂੰ ਹਰ ਰੋਜ਼ 62 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ । ਉਨ੍ਹਾਂ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਦੇ ਵੀ ਲੋਕਾਂ ਦੇ ਨਾਲ ਨਹੀਂ ਖੜ੍ਹਾ। ਉਹ ਮੁਗ਼ਲ ਸਾਮਰਾਜ ਦੌਰਾਨ ਮੁਗ਼ਲਾਂ ਦੇ ਨਾਲ ਸੀ । ਉਹ ਅੰਗਰੇਜ਼ਾਂ ਦੇ ਰਾਜ ਦੌਰਾਨ ਅੰਗਰੇਜ਼ਾਂ ਦੇ ਨਾਲ ਸਨ । ਅਕਾਲੀ ਰਾਜ ਵੇਲੇ ਅਕਾਲੀ ਦਲ ਨਾਲ ਸਨ, ਕਾਂਗਰਸ ਦੀ ਸਰਕਾਰ ਵੇਲੇ ਉਸ ਦੇ ਨਾਲ ਅਤੇ ਹੁਣ ਭਾਜਪਾ ਨਾਲ ਹਨ। ਉਨ੍ਹਾਂ ਸੁਖਬੀਰ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ ਨਿਸ਼ਾਨਾ ਸਾਧਿਆ । ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕਿਸੇ ਨੇ ਮੈਨੂੰ ਚੋਣਾਂ ਦੀ ਤਰੀਕ ਇਕ ਹਫ਼ਤਾ ਵਧਾਉਣ ਬਾਰੇ ਮੇਰੀ ਰਾਏ ਪੁੱਛੀ । ਮੈਂ ਉਸ ਨੂੰ ਕਿਹਾ ਕਿ ਪਹਿਲਾਂ ਵਿਰੋਧੀ ਪਾਰਟੀਆਂ ਨੇ 20-25 ਹਜ਼ਾਰ ਵੋਟਾਂ ਨਾਲ ਹਾਰਨਾ ਸੀ, ਹੁਣ 30-35 ਹਜ਼ਾਰ ਨਾਲ ਹਾਰਨਗੀਆਂ। ਉਨ੍ਹਾਂ ਲੋਕਾਂ ਨੂੰ ‘ਆਪ’ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਵਾਅਦਾ ਕੀਤਾ ਕਿ ‘ਤੁਹਾਡੀ ਮੰਗ, ਇਸ਼ਾਕ ਦਾ ਪੱਤਰ ਤੇ ਮੇਰੇ ਦਸਤਖ਼ਤ’। ਚੱਬੇਵਾਲ ਦੇ ਵਿਕਾਸ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ।
Related Post
Popular News
Hot Categories
Subscribe To Our Newsletter
No spam, notifications only about new products, updates.