
ਨਗਰ ਨਿਗਮ ਦਫ਼ਤਰ ਵਿਖੇ ਬਣਿਆ ਸੇਵਾ ਕੇਂਦਰ ਹੁਣ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹੇਗਾ : ਏ. ਡੀ. ਸੀ.
- by Jasbeer Singh
- July 16, 2025

ਨਗਰ ਨਿਗਮ ਦਫ਼ਤਰ ਵਿਖੇ ਬਣਿਆ ਸੇਵਾ ਕੇਂਦਰ ਹੁਣ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਾ ਰਹੇਗਾ : ਏ. ਡੀ. ਸੀ. ਪਟਿਆਲਾ, 16 ਜੁਲਾਈ 2025 : ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਦਫ਼ਤਰ ਪਟਿਆਲਾ ਦਾ ਸੇਵਾ ਕੇਂਦਰ ਆਮ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ, ਲਗਾਤਾਰ 12 ਘੰਟੇ ਖੁੱਲ੍ਹਾ ਰਹੇਗਾ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇਸ਼ਾ ਸਿੰਗਲ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਦਿਨ ਦੌਰਾਨ ਆਪਣੇ ਕੰਮ ਕਾਰਨ ਜਾਂ ਕਿਸੇ ਹੋਰ ਕਾਰਨਾਂ ਕਰਕੇ ਸੇਵਾ ਕੇਂਦਰ ਆਉਣ ਵਿੱਚ ਮੁਸ਼ਕਿਲ ਹੁੰਦੀ ਸੀ, ਉਹ ਹੁਣ ਸਵੇਰੇ ਸ਼ਾਮ ਆਪਣਾ ਕੰਮ ਕਰਵਾ ਸਕਣਗੇ, ਜਿਨ੍ਹਾਂ ਨਾਲ ਆਮ ਲੋਕਾਂ ਨੂੰ ਲਾਭ ਹੋਵੇਗਾ । ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਧੇ ਹੋਏ ਸਮੇਂ ਦਾ ਪੂਰਾ ਲਾਭ ਲੈਣ ਅਤੇ ਕਿਸੇ ਵੀ ਜਾਣਕਾਰੀ ਲਈ ਸੇਵਾ ਕੇਂਦਰ 'ਤੇ ਸਿੱਧਾ ਸੰਪਰਕ ਕਰ ਸਕਦੇ ਹਨ । ਇਸ ਦੌਰਾਨ ਜ਼ਿਲ੍ਹਾ ਆਈ.ਟੀ. ਮੈਨੇਜਰ ਰੋਬਿਨ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰਾਂ ਰਾਹੀਂ ਅਜਿਹੀਆਂ ਅਨੇਕਾਂ ਸਰਕਾਰੀ ਸੇਵਾਵਾਂ ਜਿਵੇਂ ਕਿ ਟਰਾਂਸਪੋਰਟ ਤੇ ਮਾਲ ਵਿਭਾਗ ਸਮੇਤ 26 ਵਿਭਾਗਾਂ ਦੀਆਂ ਸੇਵਾਵਾਂ ਜਿਸ ਵਿੱਚ ਆਨ ਲਾਈਨ ਫਰਦ, ਲਰਨਿੰਗ ਲਾਇਸੈਂਸ, ਆਧਾਰ ਕਾਰਡ, ਜਨਮ-ਮੌਤ, ਜਾਤੀ, ਆਮਦਨ, ਰਿਹਾਇਸ਼ ਪ੍ਰਮਾਣ ਪੱਤਰ, ਮੈਰਿਜ ਸਰਟੀਫਿਕੇਟ, ਪੈਨਸ਼ਨ ਸਬੰਧੀ ਸੇਵਾਵਾਂ, ਆਯੂਸ਼ਮਾਨ ਕਾਰਡ ਆਦਿ ਵਰਗੀਆਂ 440 ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਤਰ੍ਹਾਂ ਦੇ ਉਪਰਾਲੇ ਨਾਲ ਜਿਹੜੇ ਵਿਅਕਤੀ ਨੌਕਰੀ/ਪੇਸ਼ਾ ਜਾਂ ਕੋਈ ਹੋਰ ਕਾਰੋਬਾਰ ਜਾਂ ਦਫ਼ਤਰਾਂ ਵਿੱਚ ਕੰਮ ਕਰਦੇ ਹਨ, ਉਹ ਦਫ਼ਤਰੀ ਸਮੇਂ ਤੋਂ ਬਾਅਦ ਵੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣਗੇ ।