
ਭਗਵਾਨ ਵਿਸਵਕਰਮਾ ਦੀਆਂ ਸਿੱਖਿਆਵਾਂ ਸਾਨੂੰ ਮਿਹਨਤ, ਨਿਸ਼ਠਾ ਅਤੇ ਕੌਸ਼ਲ ਦੇ ਆਧਾਰ 'ਤੇ ਜੀਵਨ ਜਿਊਣ ਲਈ ਕਰਦੀਆਂ ਨੇ ਪ੍ਰੇਰ
- by Jasbeer Singh
- October 22, 2025

ਭਗਵਾਨ ਵਿਸਵਕਰਮਾ ਦੀਆਂ ਸਿੱਖਿਆਵਾਂ ਸਾਨੂੰ ਮਿਹਨਤ, ਨਿਸ਼ਠਾ ਅਤੇ ਕੌਸ਼ਲ ਦੇ ਆਧਾਰ 'ਤੇ ਜੀਵਨ ਜਿਊਣ ਲਈ ਕਰਦੀਆਂ ਨੇ ਪ੍ਰੇਰਿਤ: ਅਮਨ ਅਰੋੜਾ ਪੰਜਾਬ ਸਰਕਾਰ ਭਗਵਾਨ ਵਿਸ਼ਵਕਰਮਾ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਵਚਨਬੱਧ ਕੈਬਨਿਟ ਮੰਤਰੀ ਨੇ ਵਿਸ਼ਵਕਰਮਾ ਜਯੰਤੀ ਮੌਕੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਲਗਵਾਈ ਹਾਜ਼ਰੀ ਭ੍ਰਿਸ਼ਟਾਚਾਰ ਕਿਸੇ ਵੀ ਹਾਲ ਬਰਦਾਸ਼ਤ ਨਹੀਂ ਸੁਨਾਮ, 22 ਅਕਤੂਬਰ 2025 : ਭਗਵਾਨ ਵਿਸ਼ਵਕਰਮਾ ਜਯੰਤੀ ਦੇ ਪਵਿੱਤਰ ਮੌਕੇ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਹੋਏ ਧਾਰਮਿਕ ਸਮਾਰੋਹਾਂ ਵਿੱਚ ਸ਼ਿਰਕਤ ਕੀਤੀ ਅਤੇ ਭਗਵਾਨ ਵਿਸ਼ਵਕਰਮਾ ਜੀ ਦੇ ਚਰਨਾਂ ਵਿੱਚ ਨਮਨ ਕੀਤਾ । ਇਸ ਮੌਕੇ ਮੀਡੀਆ ਵੱਲੋਂ ਭ੍ਰਿਸ਼ਟਾਚਾਰ ਬਾਬਤ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਸਬੰਧੀ ਜ਼ੀਰੋ ਟਾਲਰੈਂਸ ਨੀਤੀ ਹੈ ਤੇ ਜਿਹੜਾ ਵੀ ਵਿਅਕਤੀ, ਚਾਹੇ ਉਹ ਕੋਈ ਵੱਡਾ ਅਧਿਕਾਰੀ ਹੋਵੇ, ਚਾਹੇ ਛੋਟਾ, ਕਿਸੇ ਵੀ ਹਾਲ ਬਖਸ਼ਿਆ ਨਹੀਂ ਜਾਵੇਗਾ । ਅਰੋੜਾ ਨੇ ਉਭਾਵਾਲ, ਦੁੱਗਾਂ, ਲੌਂਗੋਵਾਲ, ਸ਼ਾਹਪੁਰ ਕਲਾਂ, ਚੀਮਾ, ਚੌਵਾਸ ਅਤੇ ਸੁਨਾਮ ਵਿਖੇ ਹੋਏ ਧਾਰਮਿਕ ਪ੍ਰੋਗਰਾਮਾਂ ਵਿੱਚ ਭਾਗ ਲੈਂਦਿਆਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਸ੍ਰਿਸ਼ਟੀ ਦਾ ਪਹਿਲਾ ਇੰਜਨੀਅਰ, ਵਿਗਿਆਨਕ ਅਤੇ ਕਾਰੀਗਰ ਮੰਨਿਆ ਜਾਂਦਾ ਹੈ । ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਮਿਹਨਤ, ਨਿਸ਼ਠਾ ਅਤੇ ਕੌਸ਼ਲ ਦੇ ਆਧਾਰ 'ਤੇ ਜੀਵਨ ਜਿਊਣ ਲਈ ਪ੍ਰੇਰਿਤ ਕਰਦੀਆਂ ਹਨ । ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਨੇ ਮਨੁੱਖਤਾ ਨੂੰ ਤਕਨੀਕ ਅਤੇ ਸ੍ਰਿਜਨਾਤਮਕਤਾ ਦੇ ਰਾਹ 'ਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ । ਹਰ ਮਿਹਨਤੀ ਵਿਅਕਤੀ, ਕਾਰੀਗਰ, ਇੰਜਨੀਅਰ, ਅਤੇ ਤਕਨੀਕੀ ਵਰਗ ਦੇ ਲੋਕ ਉਨ੍ਹਾਂ ਦੀ ਸਿੱਖਿਆ ਦੇ ਪ੍ਰਤੀਕ ਹਨ । ਭਗਵਾਨ ਵਿਸ਼ਵਕਰਮਾ ਜੀ ਦੀ ਜਯੰਤੀ ਮਿਹਨਤ, ਇਮਾਨਦਾਰੀ ਅਤੇ ਰਚਨਾਤਮਕਤਾ ਦਾ ਪ੍ਰਤੀਕ ਹੈ । ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਭਗਵਾਨ ਵਿਸ਼ਵਕਰਮਾ ਜੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਉਦਯੋਗਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਵਚਨਬੱਧ ਹੈ । ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਕੌਸ਼ਲ ਵਿਕਾਸ ਤੇ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਯੁਵਕ ਸਿਰਫ਼ ਨੌਕਰੀ ਮੰਗਣ ਵਾਲੇ ਨਹੀਂ ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣ ਸਕਣ । ਉਨ੍ਹਾਂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਦੀ ਸਿੱਖਿਆ 'ਤੇ ਚੱਲ ਕੇ ਹਰ ਵਿਅਕਤੀ ਨੂੰ ਆਪਣੇ ਕੰਮ ਨਾਲ ਸੱਚੀ ਲਗਨ ਅਤੇ ਇਮਾਨਦਾਰੀ ਨਾਲ ਜੁੜਨਾ ਚਾਹੀਦਾ ਹੈ। ਸਮਾਜ ਵਿੱਚ ਹਰੇਕ ਵਿਅਕਤੀ ਦਾ ਯੋਗਦਾਨ ਮਹੱਤਵਪੂਰਨ ਹੈ ਚਾਹੇ ਉਹ ਕਾਰੀਗਰ ਹੋਵੇ ਜਾਂ ਵਿਦਵਾਨ, ਕਿਸਾਨ ਹੋਵੇ ਜਾਂ ਵਿਗਿਆਨਕ ਸਭ ਦਾ ਸਾਂਝਾ ਉਦੇਸ਼ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਹੈ । ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਮਿਹਨਤੀ ਵਰਗ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ 'ਤੇ ਕੰਮ ਕਰ ਰਹੀ ਹੈ । ਉਦਯੋਗਿਕ ਖੇਤਰਾਂ ਦੇ ਵਿਸਥਾਰ, ਨਵੇਂ ਕੌਸ਼ਲ ਕੇਂਦਰਾਂ ਦੀ ਸਥਾਪਨਾ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਅਧੁਨੀਕੀਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਸੰਗਤ ਨੂੰ ਵਿਸ਼ਵਕਰਮਾ ਜਯੰਤੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਦਿਹਾੜਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਰਚਨਾਤਮਕਤਾ, ਮਿਹਨਤ ਅਤੇ ਕੌਸ਼ਲ ਹੀ ਮਨੁੱਖਤਾ ਦੀ ਤਰੱਕੀ ਦੇ ਸੱਚੇ ਆਧਾਰ ਹਨ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਲੋਕ ਭਗਵਾਨ ਵਿਸ਼ਵਕਰਮਾ ਜੀ ਦੇ ਆਦਰਸ਼ਾਂ 'ਤੇ ਚੱਲਦਿਆਂ ਆਪਸੀ ਏਕਤਾ, ਮਿਹਨਤ ਅਤੇ ਸੱਚਾਈ ਨਾਲ ਸਮਾਜ ਦੀ ਸੇਵਾ ਕਰਨ ਦਾ ਸੰਕਲਪ ਕਰਨ । ਵੱਖ-ਵੱਖ ਸਥਾਨਾਂ 'ਤੇ ਪਹੁੰਚਣ 'ਤੇ ਸਥਾਨਕ ਸੰਗਤ, ਮੰਦਿਰ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ । ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਵਿਸ਼ਵਕਰਮਾ ਜੀ ਦੇ ਉਪਦੇਸ਼ਾਂ ਤੇ ਚਰਚਾ ਕੀਤੀ ਗਈ । ਇਸ ਮੌਕੇ ਉਨ੍ਹਾਂ ਦੇ ਨਾਲ ਸਥਾਨਕ ਆਗੂ, ਮੰਦਿਰ ਪ੍ਰਬੰਧਕ, ਵੱਖ ਵੱਖ ਪੰਚ ਸਰਪੰਚ, ਕੌਂਸਲਰ, ਸਮਾਜ ਸੇਵਕ ਅਤੇ ਵੱਡੀ ਗਿਣਤੀ ਸ਼ਰਧਾਲੂ ਮੌਜੂਦ ਸਨ ।