
ਅਮਰੀਕਾ ਨੇ ਮੰਗੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜਿ਼ਸ਼ ਦੇ ਸਬੰਧ ਵਿਚ ਭਾਰਤੀ ਪੁਲਸ ਅਫ਼ਸਰ ਖਿ਼ਲਾਫ਼ ਭਾਰਤ ਤ
- by Jasbeer Singh
- October 16, 2024

ਅਮਰੀਕਾ ਨੇ ਮੰਗੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜਿ਼ਸ਼ ਦੇ ਸਬੰਧ ਵਿਚ ਭਾਰਤੀ ਪੁਲਸ ਅਫ਼ਸਰ ਖਿ਼ਲਾਫ਼ ਭਾਰਤ ਤੋਂ ਕਾਰਵਾਈ ਦੀ ਮੰਗ ਨਵੀਂ ਦਿੱਲੀ : ਸੰਸਾਰ ਦੇ ਪਾਵਰਫੁੱਲ ਦੇਸ਼ ਮੰਨੇ ਜਾਂਦੇ ਅਮਰੀਕਾ ਨੇ ਸਿਖਜ਼ ਫਾਰ ਜਸਟਿਸ ਦੇ ਖ਼ਾਲਿਸਤਾਨ ਪੱਖੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਦੇ ਸਬੰਧ ਵਿਚ ਇਕ ਭਾਰਤੀ ਪੁਲਸ ਅਫ਼ਸਰ ਖ਼ਿਲਾਫ਼ ਭਾਰਤ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਇਸ ਮਾਮਲੇ ਵਿਚ ਇਸ ਭਾਰਤੀ ਅਫ਼ਸਰ ਵੱਲ ਉਂਗਲ ਉਠਾਈ ਹੈ । ਗ਼ੌਰਤਬਲ ਹੈ ਕਿ ‘ਕੁਝ ਖ਼ਾਸ ਵਿਅਕਤੀਆਂ’ ਦੀਆਂ ਸਰਗਰਮੀਆਂ ਦੀ ਜਾਂਚ ਲਈ ਕਾਇਮ ਭਾਰਤੀ ਜਾਂਚ ਕਮੇਟੀ ਪਹਿਲਾਂ ਹੀ ਅਮਰੀਕੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਪੁੱਜੀ ਹੋਈ ਹੈ, ਜਿਸ ਵਿਚ ਉਪ ਕੌਮੀ ਸੁਰੱਖਿਆ ਸਲਾਹਕਾਰ ਵੀ ਸ਼ਾਮਲ ਹਨ।ਅਮਰੀਕੀ ਵਿਦੇਸ਼ ਵਿਭਾਗ ਨੇ ਇਸ ਸਬੰਧੀ ਕਿਹਾ ਹੈ: ‘‘ਭਾਰਤੀ ਧਿਰ 14 ਅਕਤੂਬਰ ਨੂੰ ਉਸ ਵਿਅਕਤੀ ਬਾਰੇ ਸਰਗਰਮੀ ਨਾਲ ਜਾਂਚ ਕਰ ਰਹੀ ਸੀ, ਜਿਸ ਦੀ ਬੀਤੇ ਸਾਲ ਅਮਰੀਕੀ ਨਿਆਂ ਵਿਭਾਗ ਦੇ ਦੋਸ਼ਾਂ ਵਿਚ ‘ਭਾਰਤ ਸਰਕਾਰ ਦੇ ਉਸ ਮੁਲਾਜ਼ਮ’ ਵਜੋਂ ਸ਼ਨਾਖ਼ਤ ਕੀਤੀ ਗਈ ਸੀ, ਜਿਸ ਨੇ ਨਿਊਯਾਰਕ ਸਿਟੀ ਵਿਚ ਇਕ ਅਮਰੀਕੀ ਨਾਗਰਿਕ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਘੜੀ ਸੀ।ਨਿਆਂ ਵਿਭਾਗ ਵੱਲੋਂ ਇਸ ਭਾਰਤੀ ਮੁਲਾਜ਼ਮ ਨੂੰ ‘ਸੀਸੀ-1’ ਕੋਡ ਨਾਂ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ‘ਸੀਸੀ-1’ ਇਕ ਪੁਲੀਸ ਅਫ਼ਸਰ ਹੈ, ਜਿਹੜਾ ਉਸ ਵੇਲੇ ਉੱਤਰੀ ਅਮਰੀਕਾ ਵਿਚ ਤਾਇਨਾਤ ਸੀ ਤੇ ਹੁਣ ਭਾਰਤ ਵਿਚ ਤਾਇਨਾਤ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਹੋਰ ਕਿਹਾ ਕਿ ਇਸ ਤੋਂ ਇਲਾਵਾ, ਭਾਰਤ ਨੇ ਅਮਰੀਕਾ ਨੂੰ ਦੱਸਿਆ ਹੈ ਕਿ ਉਸ ਵੱਲੋਂ ਇਕ ਸਾਬਕਾ ਸਰਕਾਰੀ ਮੁਲਾਜ਼ਮ ਦੇ ਹੋਰ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜ ਪੈਣ ਉਤੇ ਇਸ ਸਬੰਧੀ ਅਗਲੇਰੇ ਕਦਮ ਚੁੱਕੇ ਜਾਣਗੇ।ਇਸ ਤੋਂ ਇਲਾਵਾ ਬੀਤੇ ਸਤੰਬਰ ਮਹੀਨੇ ਅਮਰੀਕਾ ਦੀ ਨਿਊਯਾਰਕ ਸਥਿਤ ਇਕ ਸੰਘੀ ਅਦਾਲਤ ਨੇ ਪੰਨੂ ਵੱਲੋਂ ਦਾਇਰ ਇਕ ਮੁਕੱਦਮੇ ਦੇ ਆਧਾਰ ਉਤੇ ਭਾਰਤ ਸਰਕਾਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਹੋਰਨਾਂ ਖ਼ਿਲਾਫ਼ ਸੰਮਨ ਜਾਰੀ ਕੀਤੇ ਸਨ। ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਕਾਰਵਾਈ ਨੂੰ ‘ਪੂਰੀ ਤਰ੍ਹਾਂ ਨਾਵਾਜਬ ਅਤੇ ਬੇਬੁਨਿਆਦ ਦੋਸ਼ਾਂ’ ਉਤੇ ਆਧਾਰਤ ਕਰਾਰ ਦਿੱਤਾ ਸੀ। ਸੰਮਨਾਂ ਵਿਚ ਭਾਰਤ ਸਰਕਾਰ ਤੇ ਡੋਵਾਲ ਤੋਂ ਇਲਾਵਾ ਰਾਅ ਦੇ ਸਾਬਕਾ ਮੁਖੀ ਸਾਮੰਤ ਗੋਇਲ, ਰਾਅ ਦੇ ਬੰਦੇ ਵਿਕਰਮ ਯਾਦਵ ਅਤੇ ਭਾਰਤੀ ਕਾਰੋਬਾਰੀ ਨਿਖਿਲ ਗੁਪਤਾ ਦੇ ਨਾਂ ਵੀ ਹਨ। ਗ਼ੌਰਤਲਬ ਹੈ ਕਿ ਨਿਖਿਲ ਗੁਪਤਾ ਇਸ ਮਾਮਲੇ ਵਿਚ ਪਹਿਲਾਂ ਹੀ ਅਮਰੀਕਾ ਦੀ ਹਿਰਾਸਤ ਵਿਚ ਹੈ।