ਪਟਿਆਲਾ ਵਿਖੇ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਬਿਮਾਰੀ ਜਾਂ ਫੈਲਣ ਦਾ ਖਤਰਾ
- by Jasbeer Singh
- November 18, 2024
ਪਟਿਆਲਾ ਵਿਖੇ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਬਿਮਾਰੀ ਜਾਂ ਫੈਲਣ ਦਾ ਖਤਰਾ ਛੋਟੀ ਬਾਰਾਦਰੀ ਇਲਾਕਾ ਨਿਵਾਸੀਆਂ ਨੇ ਜਤਾਇਆ ਰੋਸ ਪਟਿਆਲਾ : ਪਟਿਆਲਾ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਲੱਗੇ ਹੋਏ ਕੂੜੇ ਦੇ ਢੇਰਾਂ ਤੋਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਚੁੱਕਿਆ ਹੈ । ਛੋਟੀ ਬਾਂਰਾਦਰੀ ਦੇ ਇਲਾਕਾ ਨਿਵਾਸੀਆਂ ਜਿਵੇਂ ਕਿ ਧਰਮਿੰਦਰ ਸਿੰਘ, ਮੁਕੇਸ਼ ਕੁਮਾਰ, ਜੀਵਨ ਰਾਮ, ਕੁਲਭੂਸ਼ਨ ਕੁਮਾਰ, ਹੈਰੀ ਸਿੰਘ ਅਤੇ ਆਤਮ ਕੁਮਾਰ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਾਲਵਾ ਸਿਨੇਮਾ ਦੇ ਪਿੱਛੇ ਲਗਭਗ 20 ਫੁੱਟ ਲੰਮਾ ਅਤੇ ਛੇ ਫੁੱਟ ਚੌੜਾ ਕੂੜੇ ਦਾ ਢੇਰ ਲੱਗਾ ਹੋਇਆ ਹੈ। ਜਿਸ ਵਿੱਚ ਸ਼ੇਰਾਂ ਵਾਲਾ ਗੇਟ, ਫੁਆਰਾ ਚੌਂਕ ਅਤੇ ਖਾਸ ਕਰਕੇ ਬੈਂਕ ਵਾਲਿਆਂ ਅਤੇ ਇੰਸਟੀਚਿਊਟ ਵਾਲਿਆਂ ਅਤੇ ਹੋਟਲ ਵਾਲਿਆਂ ਵੱਲੋਂ ਆਪਣਾ ਆਪਣਾ ਕੂੜਾ ਬਿਨਾਂ ਕਿਸੇ ਪਰਵਾਹ ਦੇ ਡੰਪ ਕੀਤਾ ਜਾਂਦਾ ਹੈ ਅਤੇ ਹਫਤਾ ਹਫਤਾ ਇਹ ਕੂੜਾ ਇਦਾਂ ਹੀ ਪਿਆ ਰਹਿੰਦਾ ਹੈ। ਜਿਸ ਤੋਂ ਪੂਰੇ ਇਲਾਕ਼ੇ ਵਿਚ ਮੁਸ਼ਕ ਫੈਲੀ ਰਹਿੰਦੀ ਹੈ, ਜਦੋਂ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਇਲਾਕਾ ਨਿਵਾਸੀਆਂ ਦੀ ਮੰਗ ਤੇ ਇਸ ਜਗ੍ਹਾ ਤੋਂ ਡੰਪ ਖਤਮ ਕਰਕੇ ਕਿਰਪਾਲ ਡੈਰੀ ਦੇ ਕੋਲ ਹਾਈਟੈਕ ਡੰਪ ਸਥਾਪਿਤ ਕਰ ਦਿੱਤਾ ਸੀ ਪਰ ਹੁਣ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਅਤੇ ਨਵੀਂ ਸਰਕਾਰ ਬਣਨ ਤੋਂ ਬਾਅਦ ਫਿਰ ਤੋਂ ਇਹ ਨਜਾਇਜ਼ ਕੂੜੇ ਦਾ ਡੰਪ ਸ਼ੁਰੂ ਹੋ ਚੁੱਕਾ ਹੈ, ਜਦੋਂ ਕਿ ਇੱਥੇ ਅਨੇਕਾਂ ਹੀ ਨਾਮੀ ਬੈਂਕ, ਸਰਕਾਰੀ ਦਫਤਰ ਅਤੇ ਇੰਸਟੀਚਿਊਟ ਹੋਣ ਕਰਕੇ ਆਏ ਦਿਨ ਵੀ.ਆਈ.ਪੀ ਲੋਕਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਹੈ ਪਰ ਮੇਨ ਸੜਕ ਤੇ ਪਏ ਇਸ ਕੂੜੇ ਦੇ ਢੇਰ ਕਰਕੇ ਸਾਰਿਆਂ ਨੂੰ ਹੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਇਲਾਕਾ ਨਿਵਾਸੀਆਂ ਨੇ ਨਿਗਮ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਇਸ ਜਗ੍ਹਾ ਤੋਂ ਡੰਪ ਨੂੰ ਖਤਮ ਕੀਤਾ ਜਾਏ ਅਤੇ ਨਜਾਇਜ਼ ਕੂੜਾ ਸੁੱਟਣ ਵਾਲਿਆਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ।
