ਸ਼ਹਿਰ ਵਿਚ ਮੱਛਰਾਂ ਦੀ ਹੋਈ ਭਰਮਾਰ ; ਨਿਗਮ ਨੇ ਨਹੀਂ ਸ਼ੁਰੂ ਕੀਤੀ ਫਾਗਿੰਗ
- by Jasbeer Singh
- May 7, 2024
ਪਟਿਆਲਾ, 7 ਮਈ (ਜਸਬੀਰ)-ਸ਼ਾਹੀ ਸ਼ਹਿਰ ਪਟਿਆਲਾ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ’ਚ ਜਿਥੇ ਇਕ ਪਾਸੇ ਮੱਛਰਾਂ ਦੀ ਭਰਮਾਰ ਹੋਈ ਪਈ ਹੈ ਉਥੇ ਦੂਸਰੇ ਪਾਸੇ ਨਗਰ ਨਿਗਮ ਪਟਿਆਲਾ ਵਲੋਂ ਵੀ ਹਾਲੇ ਤੱਕ ਫਾਗਿੰਗ ਕਰਵਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ, ਜਿਸ ਕਾਰਨ ਦਿਨ ਅਤੇ ਰਾਤ ਦੋਵੇਂ ਸਮੇਂ ਦੌਰਾਨ ਮੱਛਰ ਹੀ ਮੱਛਰ ਹੋਇਆ ਪਿਆ ਹੈ। ਮੱਛਰਾਂ ਦੀ ਇਸ ਭਰਮਾਰ ਦੇ ਚਲਦਿਆਂ ਲੋਕਾਂ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ। ਮੱਛਰਾਂ ਦੀ ਭਰਮਾਰ ਤੋਂ ਦੁਖੀ ਗੰਗਾ ਵਿਹਾਰ ਕਾਲੋਨੀ ਨਿਵਾਸੀ ਮਨਜੀਤ ਕੌਰ ਨੇ ਅੱਜ ਜਗ ਬਾਣੀ ਨਾਲ ਫੋਨ ’ਤੇ ਕੀਤੀ ਗਈ ਗੱਲਬਾਤ ਦੌਰਾਨ ਦੱਸਿਆ ਕਿ ਮੱਛਰਾਂ ਦੀ ਭਰਮਾਰ ਇੰਨੀ ਜ਼ਿਆਦਾ ਹੋਈ ਪਈ ਹੈ ਕਿ ਦਿਨ ਅਤੇ ਰਾਤ ਦੋਵੇਂ ਸਮੇਂ ਚੈਨ ਦਾ ਸਾਂਹ ਲੈਣਾ ਤੱਕ ਔਖਾ ਹੋਇਆ ਪਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਝ ਦਿਨ ਪਹਿਲਾਂ ਛੋਟੀ ਨਦੀ ਦੇ ਦੂਸਰੇ ਪਾਸੇ ਕੂੜੇ ਦੇ ਢੇਰ ਨੂੰ ਲੱਗੀ ਭਿਆਨਕ ਅੱਗ ਜੋ ਕਿ ਹਾਲੇ ਵੀ ਸੁਲਗ ਰਹੀ ਹੈ ਤੋਂ ਬਾਅਦ ਇੰਨਾਂ ਜ਼ਿਆਦਾ ਮੱਛਰ ਹੀ ਮੱਛਰ ਹੋਇਆ ਪਿਆ ਹੈ ਕਿ ਕਿਸੇ ਵੀ ਸਮੇਂ ਕੋਈ ਵੀ ਭਿਆਨਕ ਬਿਮਾਰੀ ਫੈਲਣ ਦਾ ਖਸਤਾ ਬਣਿਆਂ ਹੋਇਆ ਹੈ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਹ ਸਮਾਂ ਰਹਿੰਦੇ ਛੇਤੀ ਹੀ ਗਲੀਆਂ ਮੁਹੱਲਿਆਂ ਵਿਚ ਫਾਗਿੰਗ ਕਰਵਾ ਕੇ ਮੱਛਰਾਂ ਤੋਂ ਰਾਹਤ ਦੁਆਉਣ ਤਾਂ ਜੋ ਪਟਿਆਲਵੀ ਮੱਛਰਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚ ਸਕਣ। ਮਨਜੀਤ ਕੌਰ ਨੇ ਕਿਹਾ ਕਿ ਜੇਕਰ ਫਾਗਿੰਗ ਛੇਤੀ ਸ਼ੁਰੂ ਨਾ ਹੋਈ ਤਾਂ ਹੋ ਸਕਦਾ ਹੈ ਕਿ ਲੋਕ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਪੀੜ੍ਹਤ ਹੋ ਜਾਣ, ਜਿਸ ਵਜੋਂ ਨਿਕਲਣ ਵਾਲੇ ਸਮੁੱਚੇ ਸਿੱਟਿਆਂ ਦੀ ਜਿੰਮੇਵਾਰੀ ਪੰਜਾਬ ਸਰਮਾਰ ਤੇ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ। ਮੱਛਰ ਜੋ ਕਿ ਸਿਰਫ਼ ਗੰਦਗੀ ਵਿਚ ਹੀ ਪੈਦਾ ਨਹੀਂ ਹੁੰਦਾ ਬਲਕਿ ਸਾਫ਼ ਸੁਥਰੇ ਪਾਣੀ ਵਿਚ ਵੀ ਪੈਦਾ ਹੁੰਦਾ ਹੈ ਦੀ ਭਰਮਾਰ ਹੀ ਭਰਮਾਰ ਹੋਈ ਪਈ ਹੈ, ਜਿਸ ਕਾਰਨ ਜਿਊਣਾ ਇੰਨਾਂ ਜ਼ਿਆਦਾ ਮੁਸ਼ਕਲ ਹੋਇਆ ਪਿਆ ਹੈ ਕਿ ਜਿੱਧਰ ਜਾਓ ਬਸ ਮੱਛਰ ਹੀ ਮੱਛਰ ਨਜ਼ਰ ਆ ਰਿਹਾ ਹੈ। ਗੰਗਾ ਵਿਹਾਰ ਕਾਲੋਨੀ ਨਿਵਾਸੀ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਅੱਜ ਜਦੋਂ ਉਹ ਸਵੇਰੇ 6 ਕੁ ਵਜੇ ਉਠੇ ਅਤੇ ਘਰ ਦਾ ਅੰਦਰੋਂ ਮੇਨ ਗੇਟ ਖੋਲ੍ਹਿਆ ਤਾਂ ਬਾਹਰੋਂ ਆਉਣ ਵਾਲੀ ਰੌਸ਼ਨੀ ਵੱਲ ਨੂੰ ਆਪਣੇ ਆਪ ਨੂੰ ਅੱਗੇ ਵਧਾਉਂਦਿਆਂ ਮੱਛਰਾਂ ਦੀ ਭਰਮਾਰ ਹੀ ਭਰਮਾਰ ਲੱਗ ਗਈ, ਜਿਨ੍ਹਾਂ ਨੂੰ ਘਰ ਵਿਚੋਂ ਬਾਹਰ ਕੱਢਣ ਲਈ ਉਨ੍ਹਾਂ ਵਲੋਂ ਜਾਲੀ ਵਾਲੇ ਮੇਨ ਦੇ ਦੋਵੇਂ ਦਰਵਾਜ਼ੇ ਵੀ ਖੋਲ੍ਹ ਦਿੱਤੇ ਗਏ ਪਰ ਮੱਛਰਾਂ ਦੀ ਭਰਮਾਰ ਇੰਨੀ ਜ਼ਿਆਦਾ ਸੀ ਕਿ ਘੱਟੋ ਘੱਟ ਡੇਢ ਘੰਟੇ ਤੱਕ ਦਰਵਾਜ਼ੇ ਨੂੰ ਖੋਲ੍ਹ ਕੇ ਰੱਖਣਾ ਪਿਆ ਕਿਉਕਿ ਮੱਛਰ ਇੰਨੀ ਵੱਡੀ ਤਾਦਾਦ ਵਿਚ ਸੀ ਕਿ ਮੱਛਰ ਲਗਾਤਾਰ ਬਾਹਰ ਨੂੰ ਨਿਕਲਦਾ ਹੀ ਰਿਹਾ ਅਤੇ ਫਿਰ ਕਿਧਰੇ ਜਾ ਕੇ ਮੱਛਰਾਂ ਦੀ ਭਰਮਾਰ ਘੱਟ ਹੋਈ ਅਤੇ ਉਨ੍ਹਾਂ ਸੁੱਖ ਦਾ ਸਾਂਹ ਲਿਆ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਵੇਰੇ ਉਠ ਕੇ ਜਿਥੇ ਤਾਂ ਰਾਜੇਸ਼ ਅਗਰਵਾਲ ਨੇ ਸਵੇਰ ਦੇ ਮੌਸਮ ਦਾ ਆਨੰਦ ਮਾਣਨਾ ਸੀ, ਉਥੇ ਉਹ ਡੇਢ ਘੰਟੇ ਤੋਂ ਵੀ ਉਪਰ ਸਮੇਂ ਤੱਕ ਸਿਰਫ਼ ਮੱਛਰਾਂ ਨੂੰ ਹੀ ਘਰ ਅੰਦਰੋਂ ਬਾਹਰ ਕੱਢਣ ’ਤੇ ਲੱਗ ਰਹੇ। ਇਥੇ ਹੀ ਬਸ ਨਹੀਂ ਇਹ ਮੱਛਰ ਜਿਥੇ ਸਵੇਰ ਹੁੰਦਿਆਂ ਹੀ ਰੌਸ਼ਨੀ ਵੱਲ ਨੂੰ ਜਾਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ, ਉਥੇ ਸ਼ਾਮ ਹੋਣ ਤੋਂ ਬਾਅਦ ਰਾਤ ਹੁੰਦਿਆਂ ਹੀ ਗਲੀਆਂ ਮੁਹੱਲਿਆਂ ਵਿਚ ਲੱਗੀਆਂ ਸਟ੍ਰੀਟ ਲਾਈਟਾਂ ਅਤੇ ਘਰਾਂ ਅੰਦਰ ਸ਼ਾਮ ਦੇ ਸਮੇਂ ਜਗਾਈਆਂ ਜਾਣ ਵਾਲੀਆਂ ਬੱਤੀਆਂ ਵੱਲ ਮੱਛਰ ਵਧਦੇ ਹੀ ਚਲੇ ਜਾਂਦੇ ਹਨ ਅਤੇ ਸਾਰੀ ਰਾਤ ਘਰਾਂ ਵਿਚ ਆਪਣੇ ਕੰਮ ਕਾਜ ਤੋਂ ਥੱਕ ਹਾਰ ਕੇ ਟੁੱਟੇ ਹੋਏ ਘਰਾਂ ਦੇ ਵਸਨੀਕਾਂ ਨੂੰ ਵਾਰੀ ਵਾਰੀ ਸਿਰਫ਼ ਵੱਖ-ਵੱਖ ਸਮੇਂ ’ਤੇ ਕੱਟਣ ਲੱਗ ਜਾਂਦੇ ਹਨ, ਜਿਨ੍ਹਾਂ ਤੋਂ ਬਚਣ ਲਈ ਘਰਾਂ ਅੰਦਰ ਰਹਿੰਦੇ ਵਿਅਕਤੀਆਂ ਵਲੋਂ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹਨ ਪਰ ਇਥੇ ਹੈਰਾਨ ਕਰਨ ਵਾਲੀ ਗੱਲ ਇਕ ਹੋਰ ਵੀ ਹੈ ਕਿ ਮੱਛਰ ਵੀ ਉਨ੍ਹਾਂ ਨੂੰ ਮਾਰਨ ਅਤੇ ਭਜਾਉਣ ਲਈ ਇਸਤੇਮਾਲ ਵਿਚ ਲਿਆਂਦੀਆਂ ਜਾਂਦੀਆਂ ਤਕਨੀਕਾਂ ਨੂੰ ਫੇਲ ਕਰਦੇ ਦਿਖਾਈ ਦਿੰਦੇ ਹਨ ਅਤੇ ਸਾਰੀ ਰਾਤ ਕੱਟ-ਕੱਟ ਕੇ ਰਾਤ ਦੀ ਨੀਂਦ ਤੱਕ ਹਰਾਮ ਕਰ ਦਿੰਦੇ ਹਨ। ਮੱਛਰਾਂ ਦੀ ਇਸ ਪੇਸ਼ ਆ ਰਹੀ ਸਮੱਸਿਆ ਦੇ ਹੱਲ ਲਈ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਨਗਰ ਨਿਗਮ ਪਟਿਆਲਾ ਪ੍ਰਸ਼ਾਸਨ ਕੋਈ ਕਦਮ ਚੁੱਕ ਰਿਹਾ ਹੈ ਬਸ ਮੂਕ ਦਰਸ਼ਕ ਬਣ ਕੇ ਬੈਠੇ ਹੋਏ ਹਨ, ਜਿਸਦਾ ਨਤੀਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.