ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦ
- by Jasbeer Singh
- January 21, 2025
ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ : ਕੈਬਨਿਟ ਮੰਤਰੀ ਸੌਂਦ ਚੰਡੀਗੜ੍ਹ, 21 ਜਨਵਰੀ : ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਜਲ ਬੱਸ ਨੂੰ ਚਲਾਉਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ ਹੈ ਸਬੰਧੀ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਜੋ ਅਜਿਹੀਆਂ ਸੂਚਨਾਵਾਂ ਦਾ ਬਾਜ਼ਾਰ ਗਰਮਾ ਰਿਹਾ ਹੈ ਕਿ ਹਰੀਕੇ ਵਿਖੇ ਖੜ੍ਹੀ ਜਲ ਬੱਸ ਨੂੰ ਪੰਜਾਬ ਸਰਕਾਰ ਦੋਬਾਰਾ ਰਣਜੀਤ ਸਾਗਰ ਝੀਲ ਵਿੱਚ ਚਲਾਉਣ ਲਈ ਯਤਨ ਕਰ ਰਹੀ ਹੈ ਬਿਲਕੁੱਲ ਅਫਵਾਹਾਂ ਹੀ ਹਨ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਸੂਚਨਾਵਾਂ ਪੂਰੀ ਤਰ੍ਹਾਂ ਬੇਬੁਨਿਆਦੀ ਤੇ ਗਲਤ ਹਨ ਅਤੇ ਉਹ ਇਨ੍ਹਾਂ ਦਾ ਖੰਡਨ ਕਰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀਆਂ ਸਭ ਖਬਰਾਂ ਅਫਵਾਹ ਤੋਂ ਇਲਾਵਾ ਹੋਰ ਕੁਝ ਨਹੀਂ ਹੈ।ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਜਲ ਬੱਸ ਉੱਤੇ ਖਰਚ ਕੀਤੀ ਕਰੀਬ 8.63 ਕਰੋੜ ਰੁਪਏ ਦੀ ਰਾਸ਼ੀ ਬਹੁਤ ਗਲਤ ਫੈਸਲਾ ਸੀ ਅਤੇ ਪੰਜਾਬ ਦੇ ਲੋਕਾਂ ਉੱਤੇ ਪਾਏ ਇਸ ਬੇਮਤਲਬ ਵਿੱਤੀ ਬੋਝ ਦੀ ਵੀ ਉਹ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਜਲ ਬੱਸ ਭ੍ਰਿਸ਼ਟਾਚਾਰ ਦਾ ਪ੍ਰਤੀਕ ਸੀ ਅਤੇ ਅਸੀਂ ਇਸਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇਹ ਬੱਸ ਚਲਾਉਣ ਲਈ ਬਿਲਕੁਲ ਵੀ ਫਿੱਟ ਨਹੀਂ ਹੈ ਅਤੇ ਇਸ ਨੂੰ ਚਲਾਉਣ ਨਾਲ ਵੱਡਾ ਐਕਸੀਡੈਂਟ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਅਜਿਹਾ ਕੋਈ ਫੈਸਲਾ ਨਹੀਂ ਲਵੇਗੀ ਜਿਸ ਨਾਲ ਪੰਜਾਬ ਦੇ ਲੋਕਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੋਵੇ। ਉਨ੍ਹਾਂ ਕਿਹਾ ਕਿ ਜਲ ਬੱਸ ਨੂੰ ਚਲਾਉਣ ਸਬੰਧੀ ਮੀਡੀਆ ਦੇ ਕਿਸੇ ਵੀ ਹਿੱਸੇ ਵਿੱਚ ਛਪੀ/ਪ੍ਰਸਾਰਿਤ ਹੋਈ ਖਬਰ ਉੱਤੇ ਪੰਜਾਬ ਵਾਸੀ ਰੱਤੀ ਭਰ ਵੀ ਯਕੀਨ ਨਾ ਕਰਨ ਕਿਉਂ ਕਿ ਮੌਜੂਦਾ ਸਰਕਾਰ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਇਹ ਜਲ ਬੱਸ ਵੈਸੇ ਵੀ ਵੱਡੇ ਘਾਟੇ ਦਾ ਸੌਦਾ ਰਹੀ ਹੈ ਕਿਉਂ ਕਿ ਪਿਛਲੀਆਂ ਸਰਕਾਰਾਂ ਨੇ ਇਸ ਉੱਤੇ ਸਰਕਾਰੀ ਖਜ਼ਾਨੇ ਦੇ ਕਰੋੜਾਂ ਰੁਪਏ ਖਰਚ ਦਿੱਤੇ ਜਦਕਿ ਆਮਦਨੀ ਹਜ਼ਾਰਾਂ ਵਿੱਚ ਵੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇਹ ਜਲ ਬੱਸ ਪੂਰੀ ਤਰ੍ਹਾਂ ਅਣਫਿੱਟ ਹੈ ਅਤੇ ਇਸ ਨੂੰ ਆਗਾਮੀ ਸਮੇਂ ਵਿੱਚ ਬਿਲਕੁਲ ਵੀ ਨਹੀਂ ਚਲਾਇਆ ਜਾਵੇਗਾ। ਸੌਂਦ ਨੇ ਕਿਹਾ ਕਿ ਇਹ ‘ਸੁਪਰ ਫੇਲ੍ਹ’ ਜਲ ਬੱਸ ਪਿਛਲੀਆਂ ਸਰਕਾਰਾਂ ਦੇ ਗਲਤ ਫੈਸਲਿਆਂ ਦਾ ਨਤੀਜਾ ਹੈ ਜਿਸ ਕਾਰਣ ਲੋਕਾਂ ਦੇ ਪੈਸੇ ਦੀ ਬਰਬਾਦੀ ਹੋਈ ਹੈ। ਇਹ ਪੈਸਾ ਲੋਕ ਭਲਾਈ ਸਕੀਮਾਂ ਲਈ ਵਰਤਿਆ ਜਾ ਸਕਦਾ ਸੀ।
Related Post
Popular News
Hot Categories
Subscribe To Our Newsletter
No spam, notifications only about new products, updates.