
ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਦਾਖ਼ਲਿਆਂ ਦੇ ਦੂਜੇ ਦਿਨ ਵੀ ਰਹੀ ਭਾਰੀ ਰੌਣਕ
- by Jasbeer Singh
- June 6, 2025

ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੇ ਦਾਖ਼ਲਿਆਂ ਦੇ ਦੂਜੇ ਦਿਨ ਵੀ ਰਹੀ ਭਾਰੀ ਰੌਣਕ -ਵਾਈਸ-ਚਾਂਸਲਰ ਡਾ. ਜਗਦੀਪ ਸਿੰਘ ਨੇ ਕੀਤਾ ਵੱਖ-ਵੱਖ ਥਾਵਾਂ ਦਾ ਦੌਰਾ ਪਟਿਆਲਾ, 6 ਜੂਨ : ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਹੇ ਅੰਡਰ-ਗਰੈਜੂਏਟ ਕੋਰਸਾਂ ਦੇ ਦਾਖ਼ਲਿਆਂ ਦੀ ਇੰਟਰਵਿਊ/ਕੌਂਸਲਿੰਗ ਦੇ ਦੂਜੇ ਦਿਨ ਵੀ ਕੈਂਪਸ ਵਿੱਚ ਵਿਦਿਆਰਥੀਆਂ ਦੀ ਵੱਡੀ ਰੌਣਕ ਵੇਖਣ ਨੂੰ ਮਿਲੀ। ਵੱਖ-ਵੱਖ ਵਿਸ਼ਿਆਂ ਵਿੱਚ ਦਾਖ਼ਲਾ ਲੈਣ ਪੁੱਜੇ ਵਿਦਿਆਰਥੀਆਂ ਦੇ ਚਿਹਰਿਆਂ ਉੱਤੇ ਯੂਨੀਵਰਸਿਟੀ ਵਿੱਚ ਦਾਖ਼ਲ ਹੋਣ ਸਬੰਧੀ ਵਿਸ਼ੇਸ਼ ਉਤਸ਼ਾਹ ਨਜ਼ਰ ਆਇਆ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦੂਜੇ ਦਿਨ ਵੀ ਕੈਂਪਸ ਵਿੱਚ ਚੱਲ ਰਹੀ ਦਾਖ਼ਲਾ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਸਾਰੇ ਵਿਭਾਗਾਂ ਵਿੱਚ ਵੱਡੀ ਗਿਣਤੀ ਵਿੱਚ ਦਾਖ਼ਲਾ ਲੈਣ ਦੇ ਇੱਛੁਕ ਵਿਦਿਆਰਥੀ ਯੂਨੀਵਰਸਿਟੀ ਪਹੁੰਚੇ ਰਹੇ ਹਨ। ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ਼ ਗੱਲਬਾਤ ਕਰ ਕੇ ਉਨ੍ਹਾਂ ਤੋਂ ਕਿਸੇ ਵੀ ਸਮੱਸਿਆ ਬਾਰੇ ਪੁੱਛਿਆ। ਉਨ੍ਹਾਂ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਦਾਖ਼ਲਾ ਲੈਣ ਆਏ ਵਿਦਿਆਰਥੀਆਂ ਦੀ ਸਹੂਲਤ ਦਾ ਵਿਸ਼ੇਸ਼ ਖ਼ਿਆਲ ਰੱਖਿਆ ਜਾਵੇ। ਦੂਜੇ ਦਿਨ ਉਨ੍ਹਾਂ ਆਪਣਾ ਇਹ ਦੌਰਾ ਯੂਨੀਵਰਸਿਟੀ ਦੇ ਕੇਂਦਰੀ ਦਾਖ਼ਲਾ ਸੈੱਲ ਤੋਂ ਸ਼ੁਰੂ ਕੀਤਾ। ਇਸ ਉਪਰੰਤ ਉਹ ਸਮਾਜ ਵਿਗਿਆਨ ਵਿਭਾਗ, ਮਨੋਵਿਗਿਆਨ ਵਿਭਾਗ, ਅਰਥ ਸ਼ਾਸਤਰ ਵਿਭਾਗ, ਕਾਨੂੰਨ ਵਿਭਾਗ, ਅੰਗਰੇਜ਼ੀ ਵਿਭਾਗ, ਬਨਸਪਤੀ ਵਿਗਿਆਨ ਵਿਭਾਗ, ਬਾਇਓਟੈਕਨੌਲਜੀ ਵਿਭਾਗ ਆਦਿ ਥਾਵਾਂ ਉੱਤੇ ਗਏ। ਇਸ ਦੌਰੇ ਦੌਰਾਨ ਕੇਂਦਰੀ ਦਾਖ਼ਲਾ ਸੈੱਲ ਦੇ ਡਾਇਰੈਕਟਰ ਡਾ. ਗੁਲਸ਼ਨ ਬਾਂਸਲ ਉਨ੍ਹਾਂ ਦੇ ਨਾਲ਼ ਰਹੇ।