
ਪੰਜਾਬੀ ਯੂਨੀਵਰਸਿਟੀ ਵਿਖੇ ਫਾਰਮੇਸੀ ਦੇ ਖੇਤਰ ਨਾਲ਼ ਸਬੰਧਤ ਤਿੰਨ ਦਿਨਾ ਅੰਤਰਰਾਸ਼ਟਰੀ ਕਾਨਫ਼ਰੰਸ ਆਰੰਭ
- by Jasbeer Singh
- February 14, 2025

ਪੰਜਾਬੀ ਯੂਨੀਵਰਸਿਟੀ ਵਿਖੇ ਫਾਰਮੇਸੀ ਦੇ ਖੇਤਰ ਨਾਲ਼ ਸਬੰਧਤ ਤਿੰਨ ਦਿਨਾ ਅੰਤਰਰਾਸ਼ਟਰੀ ਕਾਨਫ਼ਰੰਸ ਆਰੰਭ -ਫਾਰਮੇਸੀ ਖੇਤਰ ਦੇ ਨਵੇਂ ਰੁਝਾਨਾਂ ਬਾਰੇ ਚਰਚਾ ਕਰਨ ਲਈ ਪੁੱਜੇ ਕੌਮਾਂਤਰੀ ਮਾਹਿਰ ਪਟਿਆਲਾ, 14 ਫਰਵਰੀ : ਪੰਜਾਬੀ ਯੂਨੀਵਰਸਿਟੀ ਦੇ ਫਾਰਮਿਊਸਟੀਕਲ ਅਤੇ ਡਰੱਗ ਰਿਸਰਚ ਵਿਭਾਗ ਵੱਲੋਂ ਕਰਵਾਈ ਜਾ ਰਹੀ ਤਿੰਨ ਦਿਨਾ ਅੰਤਰਰਾਸ਼ਟਰੀ ਕਾਨਫ਼ਰੰਸ ਆਰੰਭ ਹੋ ਗਈ ਹੈ । ਵਿਭਾਗ ਮੁਖੀ ਪ੍ਰੋ. ਗੁਲਸ਼ਨ ਬਾਂਸਲ ਨੇ ਦੱਸਿਆ ਕਿ 16 ਫਰਵਰੀ ਤੱਕ ਚੱਲਣ ਵਾਲ਼ੀ ਇਹ ਕਾਨਫ਼ਰੰਸ ਐਸੋਸੀਏਸ਼ਨ ਆਫ਼ ਫਾਰਮਿਉਸਟੀਕਲ ਟੀਚਰਜ਼ ਆਫ਼ ਇੰਡੀਆ (ਏ. ਪੀ. ਟੀ. ਆਈ.) ਦੀ ਪੰਜਾਬ ਸਟੇਟ ਬਰਾਂਚ ਅਤੇ ਵਿਮੈਨ ਫ਼ੋਰਮ ਤੋਂ ਇਲਾਵਾ ਬਾਇਓਇਨਫਰਮੈਟਿਕ ਸੋਸਾਇਟੀ ਆਫ਼ ਸਿਚੂਅਨ ਪ੍ਰੋਵਿੰਸ ਚਾਈਨਾ (ਬੀ. ਆਈ. ਐੱਸ. ਐੱਸ. ਸੀ.) ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਹੈ । ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਹੋਏ ਉਦਘਾਟਨੀ ਸੈਸ਼ਨ ਦੌਰਾਨ ਐਸੋਸੀਏਸ਼ਨ ਆਫ਼ ਫਾਰਮਿਉਸਟੀਕਲ ਟੀਚਰਜ਼ ਆਫ਼ ਇੰਡੀਆ (ਏ. ਪੀ. ਟੀ. ਆਈ.) ਦੇ ਕੌਮੀ ਪ੍ਰਧਾਨ ਡਾ. ਮਿਲਿੰਦ ਜਾਨਰਾਓ ਉਮੇਕਰ ਵੱਲੋਂ ਏ. ਪੀ. ਟੀ. ਆਈ. ਦੀ ਸਥਾਪਨਾ ਅਤੇ ਵਿਜ਼ਨ ਬਾਰੇ ਗੱਲ ਕਰਦਿਆਂ ਇਸ ਸੰਸਥਾ ਵੱਲੋਂ ਕਰਵਾਈਆਂ ਜਾਂਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ । ਉਨ੍ਹਾਂ ਆਪਣੇ ਭਾਸ਼ਣ ਦੌਰਾਨ ਇਸ ਸੰਸਥਾ ਦੀਆਂ ਕੌਮਾਂਤਰੀ ਪੱਧਰ ਦੀਆਂ ਹੋਰਨਾਂ ਫ਼ਾਰਮੇਸੀ ਸੰਸਥਾਵਾਂ ਨਾਲ਼ ਸਾਂਝੇਦਾਰੀ ਬਾਰੇ ਗੱਲ ਕੀਤੀ । ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਦੌਰਾਨ ਫ਼ਾਰਮੇਸੀ ਕੌਂਸਲ ਆਫ਼ ਇੰਡੀਆ ਦੇ ਮੁਖੀ ਮੋਂਟੂਕੁਮਾਰ ਪਟੇਲ ਨੇ ਆਨਲਾਈਨ ਵਿਧੀ ਰਾਹੀਂ ਮੁੱਖ ਮਹਿਮਾਨ ਵਜੋਂ ਇਸ ਕਾਨਫ਼ਰੰਸ ਨਾਲ਼ ਜੁੜ ਕੇ ਆਪਣੇ ਵਿਚਾਰ ਪ੍ਰਗਟਾਏ । ਉਨ੍ਹਾਂ ਇਸ ਕਦਮ ਦੀ ਸ਼ਲਾਘਾ ਕਰਦਿਆਂ ਇਸ ਨੂੰ ਫ਼ਾਰਮੇਸੀ ਦੇ ਜਗਤ ਵਿੱਚ ਨਵੇਂ ਰੁਝਾਨਾਂ ਅਤੇ ਗਿਆਨ ਨਾਲ਼ ਜੁੜਨ ਦਾ ਸਬੱਬ ਦੱਸਿਆ । ਚੀਨ ਦੀ ਸੰਸਥਾ ਬੀ. ਆਈ. ਐੱਸ. ਐੱਸ. ਸੀ. ਤੋਂ ਡਾ. ਬਾਇਰੌਂਗ ਸ਼ੇਨ ਨੇ ਆਨਲਾਈਨ ਵਿਧੀ ਰਾਹੀਂ ਕਾਨਫ਼ਰੰਸ ਦਾ ਮੁੱਖ ਸੁਰ ਭਾਸ਼ਣ ਦਿੱਤਾ । ਉਨ੍ਹਾਂ ਆਪਣੇ ਭਾਸ਼ਣ ਵਿੱਚ ਕਾਨਫ਼ਰੰਸ ਦੇ ਵਿਸ਼ੇ ਸੰਬੰਧੀ ਵੱਖ-ਵੱਖ ਪੱਖਾਂ ਉੱਤੇ ਆਪਣੇ ਵਿਚਾਰ ਪ੍ਰਗਟਾਏ । ਐਸੋਸੀਏਸ਼ਨ ਆਫ਼ ਫਾਰਮਿਉਸਟੀਕਲ ਟੀਚਰਜ਼ ਆਫ਼ ਇੰਡੀਆ (ਏ. ਪੀ. ਟੀ. ਆਈ.) ਤੋਂ ਵਿਮੈਨ ਫ਼ੋਰਮ ਦੇ ਕਨਵੀਨਰ ਡਾ. ਸਤਵਿੰਦਰ ਕੌਰ ਨੇ ਇਸ ਫ਼ੋਰਮ ਦੀ ਸਥਾਪਨਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਫਾਰਮੇਸੀ ਦੇ ਖੇਤਰ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਾਉਣ ਅਤੇ ਔਰਤਾਂ ਦੀ ਸਥਿਤੀ ਮਜ਼ਬੂਤ ਕਰਨ ਦੇ ਮਕਸਦ ਨਾਲ਼ ਇਸ ਫ਼ੋਰਮ ਦੀ ਸ਼ੁਰੂਆਤ ਕੀਤੀ ਗਈ ਸੀ । ਨਾਈਪਰ ਮੋਹਾਲੀ ਤੋਂ ਪੁੱਜੇ ਡਾ. ਸਰਨਜੀਤ ਸਿੰਘ ਵੱਲੋਂ ਆਪਣੇ ਭਾਸ਼ਣ ਦੌਰਾਨ ਫਾਰਮੇਸੀ ਦੇ ਵਿਸ਼ੇ ਨਾਲ਼ ਸਬੰਧਤ ਅਹਿਮ ਟਿੱਪਣੀਆਂ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਣ ਲਈ ਤਕਨਾਲੌਜੀ ਨੂੰ ਹੋਰ ਬਿਹਤਰ ਤਰੀਕੇ ਨਾਲ਼ ਸਮਝਣ ਦੀ ਲੋੜ ਹੈ । ਡਾ. ਰਾਜੀਵ ਕੁਮਾਰ ਸਿੰਗਲਾ ਨੇ ਬੀ.ਆਈ.ਐੱਸ. ਐੱਸ. ਸੀ. ਦੇ ਪ੍ਰਤੀਨਿਧ ਵਜੋਂ ਬੋਲਦਿਆਂ ਚੀਨ ਅਤੇ ਸੰਸਾਰ ਦੇ ਹੋਰ ਖੇਤਰਾਂ ਵਿੱਚ ਆਪਣੀ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ । ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਆਰ. ਸੀ. ਗੋਇਲ ਨੇ ਕਾਨਫ਼ਰੰਸ ਦੇ ਥੀਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਤਕਨਾਲੌਜੀ ਦੇ ਉਭਾਰ ਨਾਲ਼ ਫਾਰਮੇਸੀ ਖੇਤਰ ਵਿੱਚ ਜੋ ਨਵੇਂ ਰੁਝਾਨ ਪੈਦਾ ਹੋ ਰਹੇ ਹਨ, ਉਨ੍ਹਾਂ ਬਾਰੇ ਇਸ ਕਾਨਫ਼ਰੰਸ ਵਿੱਚ ਵੱਖ-ਵੱਖ ਮਾਹਿਰਾਂ ਵੱਲੋਂ ਗੱਲ ਕੀਤੀ ਜਾਵੇਗੀ । ਉਦਘਾਟਨੀ ਸੈਸ਼ਨ ਦੌਰਾਨ ਮਾਹਿਰਾਂ ਵੱਲੋਂ ਕਾਨਫ਼ਰੰਸ ਦਾ ਸੋਵੀਨਾਰ ਅਤੇ ਪ੍ਰੋ. ਏ. ਐੱਮ. ਕਾਲੀਆ ਦੀ ਇੱਕ ਪੁਸਤਕ ਵੀ ਰਿਲੀਜ਼ ਕੀਤੀ ਗਈ । ਜ਼ਿਕਰਯੋਗ ਹੈ ਕਿ ਕਾਨਫ਼ਰੰਸ ਦੇ ਆਰੰਭ ਹੋਣ ਤੋਂ ਪਹਿਲਾਂ ਵਿਸ਼ੇ ਨਾਲ਼ ਸਬੰਧਤ ਦੋ ਵਰਕਸ਼ਾਪਾਂ ਵੀ ਕਰਵਾਈਆਂ ਗਈਆਂ ।
Related Post
Popular News
Hot Categories
Subscribe To Our Newsletter
No spam, notifications only about new products, updates.