post

Jasbeer Singh

(Chief Editor)

Punjab

ਹੜ੍ਹ ਵਰਗੀ ਸਥਿਤੀ ਤੋਂ ਬਚਣ ਲਈ, ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਗਾਊਂ ਰੋਕਥਾਮ ਪ੍ਰਬੰਧ ਸ਼ੁਰੂ

post-img

ਹੜ੍ਹ ਵਰਗੀ ਸਥਿਤੀ ਤੋਂ ਬਚਣ ਲਈ, ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਗਾਊਂ ਰੋਕਥਾਮ ਪ੍ਰਬੰਧ ਸ਼ੁਰੂ - ਡਿਪਟੀ ਕਮਿਸ਼ਨਰ ਵੱਲੋਂ ਡਿਸਟ੍ਰਿਕ ਡਿਜ਼ਾਸਟਰ ਮੈਨੇਜਮੈਂਟ ਪਲਾਨ ਤਿਆਰ ਕਰਨ ਦੀ ਹਦਾਇਤ - ਘੱਗਰ, ਛੱਪੜ, ਸੀਵਰੇਜ, ਸਾਈਫਨ ਅਤੇ ਗਲੀਆਂ ਨਾਲੀਆਂ ਦੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਪਹਿਲਾਂ ਕਾਰਵਾਈ ਜਾਵੇ ਸਫ਼ਾਈ : ਸੰਦੀਪ ਰਿਸ਼ੀ - ਕਿਹਾ! ਜੇਕਰ ਸ਼ਹਿਰਾਂ ਵਿੱਚ ਪਾਣੀ ਰੁਕਿਆ ਤਾਂ ਲਈ ਕਾਰਜਕਾਰੀ ਅਫ਼ਸਰ ਨਿੱਜੀ ਤੌਰ ਉੱਤੇ ਜਿੰਮੇਵਾਰ ਹੋਣਗੇ - ਪਿਛਲੇ ਸਾਲ ਹੋਈ ਬੰਨ੍ਹਾਂ ਦੀ ਕੀਤੀ ਮਜ਼ਬੂਤੀ ਕਾਰਨ ਇਸ ਵਾਰ ਸਥਿਤੀ ਬੇਹਤਰ ਰਹਿਣ ਦੀ ਸੰਭਾਵਨਾ ਸੰਗਰੂਰ, 15 ਮਈ 2025 : ਅਗਾਮੀ ਮੌਨਸੂਨ ਸੀਜ਼ਨ ਦੌਰਾਨ ਹੜ੍ਹ ਵਰਗੀ ਸਥਿਤੀ ਤੋਂ ਬਚਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਅਗਾਊਂ ਰੋਕਥਾਮ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ । ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਮਾਂ ਰਹਿੰਦੇ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ । ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ, ਵਧੀਕ ਡਿਪਟੀ ਕਮਿਸ਼ਨਰ (ਵ) ਸੁਖਚੈਨ ਸਿੰਘ ਪਪੜਾ, ਸਾਰੇ ਐੱਸ. ਡੀ. ਐੱਮ. ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਮੁਖੀ ਸ਼ਾਮਿਲ ਸਨ । ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਕਿਸੇ ਵੀ ਗੰਭੀਰ ਸਥਿਤੀ ਦਾ ਮੁਕਾਬਲਾ ਕਰਨ ਲਈ ਇਕ ਯੋਜਨਾਬੰਦੀ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ । ਇਸ ਲਈ ਉਹਨਾਂ ਵਧੀਕ ਡਿਪਟੀ ਕਮਿਸ਼ਨਰ (ਜ) ਨੂੰ ਡਿਸਟ੍ਰਿਕ ਡਿਜ਼ਾਸਟਰ ਮੈਨੇਜਮੈਂਟ ਪਲਾਨ ਤਿਆਰ ਕਰਨ ਅਤੇ ਉਸ ਉੱਤੇ ਕੰਮ ਕਰਨ ਦੀ ਹਦਾਇਤ ਕੀਤੀ । ਉਹਨਾਂ ਕਿਹਾ ਕਿ ਹੜ੍ਹ ਵਰਗੀ ਸਥਿਤੀ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰੋਂ ਲੰਘਦੇ ਘੱਗਰ ਦਰਿਆ ਦੀ ਸਫਾਈ ਤੁਰੰਤ ਸ਼ੁਰੂ ਕੀਤੀ ਜਾਵੇ ਅਤੇ ਇਸ ਨੂੰ 30 ਜੂਨ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤਾ ਜਾਵੇ । ਸਾਈਫਨ ਦੀ ਸਫਾਈ ਵੀ ਜ਼ਰੂਰੀ ਹੈ ।  ਇਸੇ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਛੱਪੜਾਂ ਦੀ ਸਫਾਈ ਵੀ ਤੁਰੰਤ ਸ਼ੁਰੂ ਕੀਤੀ ਜਾਵੇ। ਲੋਕਾਂ ਦੇ ਘਰਾਂ ਵਿੱਚ ਪਾਣੀ ਨਾ ਵੜੇ ਇਸ ਲਈ ਗਲੀਆਂ ਨਾਲੀਆਂ ਦੀ ਸਫਾਈ ਵੀ ਜ਼ਰੂਰੀ ਹੈ । ਪਿੰਡਾਂ ਦੀ ਤਰਜ਼ ਉੱਤੇ ਸ਼ਹਿਰਾਂ ਨੂੰ ਵੀ ਬਰਸਾਤੀ ਪਾਣੀ ਤੋਂ ਬਚਾਉਣ ਦੀ ਲੋੜ ਹੈ, ਇਸ ਲਈ ਸ਼ਹਿਰਾਂ ਦੇ ਸੀਵਰੇਜ ਅਤੇ ਗਲੀਆਂ ਨਾਲੀਆਂ ਦੀ ਸਫਾਈ ਵੀ ਤੁਰੰਤ ਸ਼ੁਰੂ ਕਰਵਾਈ ਜਾਵੇ । ਇਸ ਕੰਮ ਲਈ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਸੁਪਰ ਸਕਸ਼ਨਿੰਗ ਅਤੇ ਜੈਟਿੰਗ ਮਸ਼ੀਨਾਂ ਦੀ ਪੂਰੀ ਵਰਤੋਂ ਕਰਨ ਬਾਰੇ ਕਿਹਾ ਗਿਆ । ਇਹ ਮਸ਼ੀਨਾਂ ਨੂੰ ਚਲਾਉਣ ਦੀ ਜਿੰਮੇਵਾਰੀ ਸੀਵਰੇਜ ਬੋਰਡ ਦੀ ਹੈ । ਉਹਨਾਂ ਸਪੱਸ਼ਟ ਕਿਹਾ ਕਿ ਜੇਕਰ ਸ਼ਹਿਰਾਂ ਵਿੱਚ ਪਾਣੀ ਰੁਕਿਆ ਤਾਂ ਲਈ ਕਾਰਜਕਾਰੀ ਅਫ਼ਸਰ ਨਿੱਜੀ ਤੌਰ ਉੱਤੇ ਜਿੰਮੇਵਾਰ ਹੋਣਗੇ । ਉਹਨਾਂ ਵਧੀਕ ਡਿਪਟੀ ਕਮਿਸ਼ਨਰ (ਵ) ਨੂੰ ਕਿਹਾ ਕਿ ਜੇਕਰ ਉਹਨਾਂ ਦੇ ਪੱਧਰ ਉੱਤੇ ਮਗਨਰੇਗਾ ਕੰਮਾਂ ਦੀਆਂ ਮਨਜੂਰੀਆਂ ਬਕਾਇਆ ਹਨ, ਤਾਂ ਤੁਰੰਤ ਜਾਰੀ ਕੀਤੀਆਂ ਜਾਣ । ਸਫਾਈ ਸਬੰਧੀ ਕਰਵਾਏ ਗਏ ਡਰੋਨ ਸਰਵੇ ਮੁਤਾਬਕ ਕੰਮ ਸ਼ੁਰੂ ਕੀਤੇ ਜਾਣ । ਬਰਸਾਤੀ ਮੌਸਮ ਤੋਂ ਪਹਿਲਾਂ ਪਹਿਲਾਂ ਰੇਤੇ ਦੇ ਬੈਗ ਵੀ ਭਰ ਕੇ ਰੱਖ ਲਏ ਜਾਣ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਪੈਦਾ ਹੋਣ ਉੱਤੇ ਇਹਨਾਂ ਵੀ ਵਰਤੋਂ ਕੀਤੀ ਜਾ ਸਕੇ । ਉਹਨਾਂ ਹਦਾਇਤ ਕੀਤੀ ਕਿ ਜਲਦ ਤੋਂ ਜਲਦ ਤਹਿਸੀਲ ਅਤੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤੇ ਜਾਣ, ਰਾਹਤ ਕੈਂਪਾਂ ਦੀ ਸੂਚੀ, ਕਮਿਊਨੀਕੇਸ਼ਨ ਪਲਾਨ, ਹੌਟ ਸਪੌਟ ਸਥਾਨਾਂ ਦੀ ਸੂਚੀ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜੀ ਜਾਵੇ । ਉਹਨਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਜ਼ਿਲ੍ਹਾ ਪੱਧਰੀ ਅਤੇ ਤਹਿਸੀਲ ਪੱਧਰੀ ਰਿਸਪਾਂਸ ਟੀਮਾਂ ਦਾ ਗਠਨ ਕਰਨ ਅਤੇ ਮੌਜੂਦ ਦਵਾਈਆਂ ਦਾ ਸਟਾਕ ਅਤੇ ਰਿਕਾਰਡ ਰੱਖਣ। ਇਸੇ ਤਰ੍ਹਾਂ ਮੁੱਖ ਖੇਤੀਬਾੜੀ ਅਫ਼ਸਰ ਅਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ ਲਈ ਹਰਾ ਅਤੇ ਸੁੱਕਾ ਚਾਰਾ ਪ੍ਰਬੰਧ ਕਰਨ ਬਾਰੇ ਕਿਹਾ ਗਿਆ । ਉਹਨਾਂ ਸਮੂਹ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਪ੍ਰਬੰਧ ਸਮੇਂ ਸਿਰ ਮੁਕੰਮਲ ਨਾ ਹੋਣ ਦੀ ਸੂਰਤ ਵਿੱਚ ਇੱਕ ਦੂਜੇ ਖ਼ਿਲਾਫ਼ ਦੋਸ਼ ਮੜ੍ਹਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿੱਚ ਹਾਜ਼ਰ ਡਰੇਨੇਜ ਵਿਭਾਗ ਦੇ ਐਕਸੀਅਨ ਸ਼੍ਰੀ ਗੁਨਦੀਪ ਬਾਂਸਲ ਨੇ ਦੱਸਿਆ ਕਿ ਘੱਗਰ ਦਰਿਆ ਵਿੱਚ 25000 ਕਿਊਸਿਕ ਪਾਣੀ ਚੱਲਣ ਦੀ ਸਮਰੱਥਾ ਹੈ । ਪਿਛਲੇ ਸਾਲ 745-46 ਫੁੱਟ ਤੱਕ ਪਾਣੀ ਚੱਲਿਆ ਸੀ । ਇਸ ਵਾਰ ਵੀ ਉਮੀਦ ਹੈ ਕਿ ਪਾਣੀ ਇਸ ਪੱਧਰ ਤੋਂ ਘੱਟ ਹੀ ਚੱਲੇਗਾ । ਉਹਨਾਂ ਕਿਹਾ ਕਿ ਪਿਛਲੇ ਸਾਲ ਮਕਰੋੜ ਸਾਹਿਬ ਤੋਂ ਕੜ੍ਹੈਲ ਤੱਕ ਬੰਨ੍ਹ ਨੂੰ 15 ਫੁੱਟ ਚੌੜਾ ਕੀਤਾ ਗਿਆ ਸੀ । ਇਸ ਵਾਰ ਵੀ ਰਹਿੰਦੇ ਬੰਨ੍ਹਾਂ ਦੀ ਮਜ਼ਬੂਤੀ ਲਗਾਤਾਰ ਜਾਰੀ ਹੈ । ਡਿਪਟੀ ਕਮਿਸ਼ਨਰ ਨੇ ਭਰੋਸਾ ਜਤਾਇਆ ਪਿਛਲੇ ਸਾਲ ਮਕਰੋੜ ਸਾਹਿਬ ਤੋਂ ਕੜ੍ਹੈਲ ਤੱਕ ਬੰਨ੍ਹ ਨੂੰ 15 ਫੁੱਟ ਚੌੜਾ ਕਰਨ ਨਾਲ ਸਥਿਤੀ ਨੂੰ ਕਾਬੂ ਹੇਠ ਕਰਕੇ ਰੱਖਣ ਵਿੱਚ ਬਹੁਤ ਮਦਦ ਮਿਲੇਗੀ ।

Related Post