
ਲੀਲ੍ਹਾ ਭਵਨ ਚੌਂਕ ਨੇੜੇ ਨਹਿਰੀ ਪਾਣੀ ਦੀ ਪਾਇਪਲਾਈਨ ਆਪਸ 'ਚ ਜੋੜਨ ਲਈ ਸੜਕ ਪੁੱਟੇ ਜਾਣ ਕਰਕੇ ਰਾਤ ਸਮੇਂ ਆਵਾਜਾਈ ਰਹੇਗੀ
- by Jasbeer Singh
- June 17, 2025

ਲੀਲ੍ਹਾ ਭਵਨ ਚੌਂਕ ਨੇੜੇ ਨਹਿਰੀ ਪਾਣੀ ਦੀ ਪਾਇਪਲਾਈਨ ਆਪਸ 'ਚ ਜੋੜਨ ਲਈ ਸੜਕ ਪੁੱਟੇ ਜਾਣ ਕਰਕੇ ਰਾਤ ਸਮੇਂ ਆਵਾਜਾਈ ਰਹੇਗੀ ਪ੍ਰਭਾਵਤ -ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨੂੰ ਹਦਾਇਤ, ਕੀਤੇ ਜਾਣ ਅਜਿਹੇ ਪ੍ਰਬੰਧ ਤਾਂ ਕਿ ਰਾਹਗੀਰਾਂ ਨੂੰ ਨਾ ਹੋਵੇ ਕੋਈ ਮੁਸ਼ਕਿਲ ਪਟਿਆਲਾ, 17 ਜੂਨ : ਪਟਿਆਲਾ ਸ਼ਹਿਰ 'ਚ 24X7 ਨਹਿਰੀ ਪਾਣੀ ਦੀ ਸਪਲਾਈ ਲਈ ਪਾਇਪਲਾਈਨ ਪਾਉਣ ਦੇ ਚੱਲ ਰਹੇ ਕੰਮ ਦੌਰਾਨ ਲੀਲ੍ਹਾ ਭਵਨ ਚੌਂਕ ਨੇੜੇ ਪਹਿਲਾਂ ਦੋਵੇਂ ਪਾਸੇ ਪਾਈਆਂ ਗਈਆਂ ਪਾਇਪਾਂ ਨੂੰ ਰਾਤ ਸਮੇਂ ਸੜਕ ਪੁੱਟਕੇ ਆਪਸ 'ਚ ਜੋੜਿਆ ਜਾਣਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ ਨੇ ਦੱਸਿਆ ਕਿ ਲੀਲ੍ਹਾ ਭਵਨ ਚੌਂਕ 'ਚ ਭਾਂਵੇਂ ਇਹ ਕੰਮ ਰਾਤ ਸਮੇਂ ਕੀਤਾ ਜਾਵੇਗਾ ਅਤੇ ਦਿਨ ਸਮੇਂ ਆਵਾਜਾਈ ਚਾਲੂ ਰਹੇਗੀ ਪਰੰਤੂ ਫਿਰ ਵੀ ਸੜਕ ਪੁੱਟੀ ਹੋਣ ਕਰਕੇ ਲੋਕਾਂ ਨੂੰ ਇਸ ਬਾਰੇ ਜਾਣੂ ਹੋਣਾ ਲਾਜਮੀ ਹੈ। ਕਾਰਜਕਾਰੀ ਇੰਜੀਨੀਅਰ ਨੇ ਅੱਗੇ ਦੱਸਿਆ ਕਿ 16 ਜੂਨ ਨੂੰ ਸ਼ੁਰੂ ਹੋਇਆ ਇਹ ਕੰਮ ਕਰੀਬ ਇੱਕ ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਸੜਕ ਪੁੱਟਕੇ ਰਜਬਾਹਾ ਰੋਡ, ਡਾਕ ਘਰ ਰੋਡ, ਭੁਪਿੰਦਰਾ ਰੋਡ, ਬਾਰਾਂਦਰੀ ਪਾਰਕ ਰੋਡ ਵਾਲੇ ਪਾਸੇ ਪਹਿਲਾਂ ਪਾਈ ਗਈ ਪਾਇਪਲਾਈਨ ਨੂੰ ਆਪਸ ਵਿੱਚ ਜੋੜਿਆ ਜਾਵੇਗਾ ਤੇ ਰਾਤ ਸਮੇਂ ਕੰਮ ਕਰਕੇ ਦਿਨ ਵੇਲੇ ਸੜਕ ਨੂੰ ਆਵਾਜਾਈ ਲਈ ਚਾਲੂ ਕੀਤਾ ਜਾਵੇਗਾ । ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਟ੍ਰੈਫਿਕ ਪੁਲਿਸ, ਲੋਕ ਨਿਰਮਾਣ ਵਿਭਾਗ, ਨਗਰ ਨਿਗਮ ਤੇ ਐਲ ਐਂਡ ਟੀ ਕੰਪਨੀ ਅਤੇ ਜਲ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਲੀਲ੍ਹਾ ਭਵਨ ਚੌਂਕ ਸਮੇਤ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ 24 ਘੰਟੇ ਨਹਿਰੀ ਪਾਣੀ ਦੀ ਪਾਇਪਲਾਈਨ ਪਾਉਣ ਲਈ ਪੁੱਟੀ ਜਾਣ ਵਾਲੀ ਸੜਕ ਕਰਕੇ ਆਵਾਜਾਈ ਪ੍ਰਭਾਵਤ ਹੋਣ ਤੋਂ ਬਚਾਅ ਲਈ ਉਚੇਚੇ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਸੜਕ ਪੁੱਟਣ ਤੋਂ ਬਾਅਦ ਪਾਇਪਲਾਈਨ ਪਾਉਣ ਦੇ ਬਾਅਦ ਸੜਕ ਨੂੰ ਤੁਰੰਤ ਚੱਲਣਯੋਗ ਬਣਾਇਆ ਜਾਵੇ ਤਾਂ ਕਿ ਆਵਾਜਾਈ ਪ੍ਰਭਾਵਤ ਨਾ ਹੋਵੇ।