
ਪੰਜਾਬੀ ਯੂਨੀਵਰਸਿਟੀ ਵਿਖੇ ਉਚੇਰੀ ਸਿੱਖਿਆ ਨਾਲ਼ ਜੁੜੇ ਅਧਿਆਪਕਾਂ ਦੀ ਸਿਖਲਾਈ ਲਈ ਦੋ ਰਿਫ਼ਰੈਸ਼ਰ ਕੋਰਸ ਸ਼ੁਰੂ
- by Jasbeer Singh
- June 3, 2025

ਪੰਜਾਬੀ ਯੂਨੀਵਰਸਿਟੀ ਵਿਖੇ ਉਚੇਰੀ ਸਿੱਖਿਆ ਨਾਲ਼ ਜੁੜੇ ਅਧਿਆਪਕਾਂ ਦੀ ਸਿਖਲਾਈ ਲਈ ਦੋ ਰਿਫ਼ਰੈਸ਼ਰ ਕੋਰਸ ਸ਼ੁਰੂ ਪਟਿਆਲਾ, 3 ਜੂਨ : ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ ਦੋ ਕੋਰਸ ਸ਼ੁਰੂ ਹੋਏ ਹਨ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਉਚੇਰੀ ਸਿੱਖਿਆ ਨਾਲ਼ ਜੁੜੇ ਅਧਿਆਪਕਾਂ ਦੀ ਸਿਖਲਾਈ ਸਬੰਧੀ ਇਨ੍ਹਾਂ ਕੋਰਸਾਂ ਵਿੱਚੋਂ ਇੱਕ ਕੋਰਸ 'ਗੁਰੂ ਦਕਸ਼ਤਾ ਫ਼ੈਕਲਟੀ ਇੰਡਕਸ਼ਨ ਪ੍ਰੋਗਰਾਮ' ਹੈ ਅਤੇ ਦੂਜਾ 'ਫਿਜ਼ੀਕਲ ਸਾਇੰਸਜ਼, ਕੈਮੀਕਲ ਸਾਇੰਸਜ਼ ਅਤੇ ਇੰਜਨੀਅਰਿੰਗ' ਵਿਸ਼ੇ ਨਾਲ਼ ਸਬੰਧਤ ਰਿਫ਼ਰੈਸ਼ਰ ਕੋਰਸ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਕੋਰਸਾਂ ਦੇ ਸਾਂਝੇ ਉਦਘਾਟਨੀ ਸੈਸ਼ਨ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ਅਤੇ ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ. ਜਸਵਿੰਦਰ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ । ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਇਸ ਮੌਕੇ ਬੋਲਦਿਆਂ ਇਨ੍ਹਾਂ ਕੋਰਸਾਂ ਦੀ ਅਹਿਮੀਅਤ ਬਾਰੇ ਵੱਖ-ਵੱਖ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ 'ਗੁਰੂ ਦਕਸ਼ਤਾ ਪ੍ਰੋਗਰਾਮ' ਨਵੇਂ ਭਰਤੀ ਹੋਣ ਵਾਲ਼ੇ ਅਧਿਆਪਕਾਂ ਨੂੰ ਇਸ ਪੇਸ਼ੇ ਦੀਆਂ ਨੈਤਿਕ ਅਤੇ ਤਕਨੀਕੀ ਜਿ਼ੰਮੇਵਾਰੀਆਂ ਬਾਰੇ ਸਿੱਖਿਅਤ ਕਰ ਕੇ ਇੱਕ ਚੰਗਾ ਅਧਿਆਪਕ ਹੋਣ ਦਾ ਕਾਰਜ ਕਰਦਾ ਹੈ,ਉੱਥੇ ਹੀ ਦੂਜੇ ਪਾਸੇ 'ਰਿਫਰੈਸ਼ਰ ਕੋਰਸ' ਦਾ ਮਕਸਦ ਅਨੁਭਵੀ ਅਧਿਆਪਕਾਂ ਨੂੰ ਗਿਆਨ ਦੇ ਨਵੇਂ ਖੇਤਰਾਂ ਅਤੇ ਰੁਝਾਨਾਂ ਨਾਲ਼ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਆਪਣੇ ਖੇਤਰ ਵਿਚਲੇ ਨਵੇਂ ਗਿਆਨ ਨਾਲ਼ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਡਾ. ਜਸਵਿੰਦਰ ਸਿੰਘ ਬਰਾੜ ਨੇ ਦੋਹੇਂ ਕੋਰਸਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਇਨ੍ਹਾਂ ਗਤੀਵਿਧੀਆਂ ਤੋਂ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ੍ਹਾਂ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਦੀ ਅਜਿਹੀਆਂ ਗਤੀਵਿਧੀਆਂ ਉਲੀਕਣ ਲਈ ਵਿਸ਼ੇਸ਼ ਤੌਰ ਉੱਤੇ ਸ਼ਲਾਘਾ ਕੀਤੀ। ਗੁਰੂ ਦਕਸ਼ਤਾ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਮਨੀਸ਼ ਕਪੂਰ ਅਤੇ ਰਿਫ਼ਰੈਸ਼ਰ ਕੋਰਸ ਦੇ ਕੋਆਰਡੀਨੇਟਰ ਡਾ. ਅਨੂਪ ਠਾਕਰ ਵੱਲੋਂ ਵੀ ਇਸ ਮੌਕੇ ਸੰਬੋਧਨ ਕੀਤਾ ਗਿਆ। ਕੋ-ਕੋਆਰਡੀਨੇਟਰ ਡਾ. ਕਰਮਜੀਤ ਸਿੰਘ ਧਾਲੀਵਾਲ ਨੇ ਕੋਰਸਾਂ ਵਿੱਚ ਸ਼ਾਮਿਲ ਹੋਣ ਵਾਲ਼ੇ ਅਧਿਆਪਕਾਂ ਦੀ ਜਾਣ ਪਹਿਚਾਣ ਕਰਵਾਈ ਅਤੇ ਕੋ-ਕੋਆਰਡੀਨੇਟਰ ਡਾ. ਅਵਨੀਤਪਾਲ ਸਿੰਘ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ ।
Related Post
Popular News
Hot Categories
Subscribe To Our Newsletter
No spam, notifications only about new products, updates.