
ਪੰਜਾਬੀ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ ਦੋ ਰਿਫ਼ਰੈਸ਼ਰ ਕੋਰਸ ਸ਼ੁਰੂ
- by Jasbeer Singh
- November 19, 2024

ਪੰਜਾਬੀ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ ਦੋ ਰਿਫ਼ਰੈਸ਼ਰ ਕੋਰਸ ਸ਼ੁਰੂ -ਇੱਕ ਕੋਰਸ ਹੋਵੇਗਾ ਆਫ਼ਲਾਈਨ ਤੇ ਦੂਜਾ ਹੋਵੇਗਾ ਆਨਲਾਈਨ -2020 ਉਪਰੰਤ ਤਕਰੀਬਨ ਚਾਰ ਸਾਲ ਬਾਅਦ ਆਫ਼ਲਾਈਨ ਵਿਧੀ ਰਾਹੀਂ ਹੋ ਰਿਹਾ ਹੈ ਕੋਰਸ ਪਟਿਆਲਾ, 19 ਨਵੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵੱਲੋਂ ਅਧਿਆਪਕਾਂ ਦੇ ਅਧਿਆਪਨ ਕੌਸ਼ਲ ਨੂੰ ਨਿਖਾਰਨ ਲਈ ਦੋ ਰਿਫ਼ਰੈਸ਼ਰ ਕੋਰਸ ਸ਼ੁਰੂ ਕੀਤੇ ਗਏ ਹਨ । ਇਸ ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਇੱਕ ਕੋਰਸ ਹੋਵੇਗਾ ਆਫ਼ਲਾਈਨ ਮੋਡ ਰਾਹੀਂ ਤੇ ਦੂਜਾ ਆਨਲਾਈਨ ਮੋਡ ਰਾਹੀਂ ਹੋ ਰਿਹਾ ਹੈ । ਉਨ੍ਹਾਂ ਦੱਸਿਆ ਕਿ 2020 ਤੋਂ ਬਾਅਦ ਤਕਰੀਬਨ ਚਾਰ ਸਾਲ ਬਾਅਦ ਇਹ ਕੋਰਸ ਆਫ਼ਲਾਈਨ ਮੋਡ ਰਾਹੀਂ ਕਰਵਾਇਆ ਜਾ ਰਿਹਾ ਹੈ । ਪਹਿਲਾ ਕੋਰਸ ਸਮਾਜਿਕ ਵਿਗਿਆਨ ਦੇ ਖੇਤਰ ਨਾਲ਼ ਸੰਬੰਧਤ ਹੈ ਜੋ ਕਿ ਆਫ਼ਲਾਈਨ ਆਯੋਜਿਤ ਕੀਤਾ ਜਾਵੇਗਾ । ਇਸ ਵਿੱਚ ਸ਼ਾਮਿਲ ਹੋ ਰਹੇ ਭਾਗੀਦਾਰ ਕੇਂਦਰ ਵਿੱਚ ਪਹੁੰਚ ਕੇ ਵਿਅਕਤੀਗਤ ਤੌਰ ਉੱਤੇ ਸਿੱਖਣ ਦਾ ਅਨੁਭਵ ਪ੍ਰਾਪਤ ਕਰਨਗੇ । ਇਸ ਕੋਰਸ ਦਾ ਉਦੇਸ਼ ਸਮਾਜਿਕ ਵਿਗਿਆਨ ਦੀ ਸਮਝ ਨੂੰ ਡੂੰਘਾ ਕਰਨਾ ਅਤੇ ਇਸ ਖੇਤਰ ਵਿੱਚ ਅਧਿਆਪਕਾਂ, ਸਿੱਖਿਅਕਾਂ ਅਤੇ ਖੋਜਕਰਤਾਵਾਂ ਨਾਲ ਸੰਬੰਧਿਤ ਆਲੋਚਨਾਤਮਕ ਬਿਰਤੀ ਅਤੇ ਵਿਸ਼ਲੇਸ਼ਣਾਤਮਕ ਹੁਨਰ ਨੂੰ ਉਤਸ਼ਾਹਿਤ ਕਰਨਾ ਹੈ । ਦੂਜਾ ਕੋਰਸ 'ਇਨਫਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੋਜੀ' ਨਾਲ਼ ਸੰਬੰਧਤ ਹੈ, ਜੋ ਆਨਲਾਈਨ ਕਰਵਾਇਆ ਜਾਵੇਗਾ । ਇਹ ਕੋਰਸ ਭਾਗੀਦਾਰਾਂ ਨੂੰ ਆਈ. ਸੀ. ਟੀ. ਦੇ ਖੇਤਰ ਵਿੱਚ ਉੱਨਤ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਉਹ ਆਧੁਨਿਕ ਤਕਨਾਲੋਜੀ ਨੂੰ ਉਹਨਾਂ ਦੇ ਅਧਿਆਪਨ ਅਤੇ ਪੇਸ਼ੇਵਰ ਅਭਿਆਸਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਜੋੜ ਸਕਦੇ ਹਨ । ਉਨ੍ਹਾਂ ਦੱਸਿਆ ਕਿ ਇਹ ਕੋਰਸ ਯੂ. ਜੀ. ਸੀ.-ਐੱਮ. ਐੱਚ. ਆਰ. ਡੀ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਯੋਜਿਤ ਕਰਵਾਏ ਜਾ ਰਹੇ ਹਨ । ਕੋਰਸਾਂ ਦੀ ਸ਼ੁਰੂਆਤ ਮੌਕੇ ਸ਼ਾਮਿਲ ਹੋਏ ਮੁੱਖ ਮਹਿਮਾਨ ਡਾ. ਧਰਮਪਾਲ ਸਿੰਘ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਸੋਸ਼ਲ ਵਰਕ ਵਿਭਾਗ ਵਿਖੇ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ,ਨੇ ਆਪਣੇ ਸੰਬੋਧਨ ਵਿੱਚ ਅਧਿਆਪਨ ਪੇਸ਼ੇ ਦੌਰਾਨ ਲਗਾਤਾਰ ਸਿੱਖਦੇ ਰਹਿਣ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਹਨਾਂ ਸਿੱਖਣ ਅਤੇ ਗਿਆਨ ਪ੍ਰਾਪਤ ਕਰਨ ਦੀਆਂ ਵੱਖ-ਵੱਖ ਵਿਧੀਆਂ ਦਾ ਵਰਣਨ ਕਰਦੇ ਹੋਏ ਹਰੇਕ ਵਿਧੀ ਦੀ ਆਪਣੀ ਵੱਖਰੀ ਮਹੱਤਤਾ ਹੋਣ ਬਾਰੇ ਵੀ ਦੱਸਿਆ । ਉਨ੍ਹਾਂ ਕਿਹਾ ਕਿ ਗਿਆਨ ਦੇ ਖੇਤਰ ਵਿੱਚ ਲਗਾਤਾਰ ਹੋ ਰਹੇ ਬਦਲਾਅ, ਨਵੀਆਂ ਤਕਨੀਕਾਂ, ਨਵੀਆਂ ਖੋਜ ਵਿਧੀਆਂ ਆਦਿ ਨਾਲ ਜੁੜੇ ਰਹਿਣ ਲਈ ਅਜਿਹੇ ਰਿਫਰੈਸ਼ਰ ਕੋਰਸ ਬੇਹਦ ਸਲਾਹੁਣਯੋਗ ਭੂਮਿਕਾ ਨਿਭਾਉਂਦੇ ਹਨ । ਵਿਸ਼ੇਸ਼ ਮਹਿਮਾਨ ਡਾ. ਵਿਨੈ ਕੁਮਾਰ ਗੁਪਤਾ, ਜੋ ਕਿ ਯੂਨੀਵਰਸਿਟੀ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਵਿਖੇ ਪ੍ਰੋਫੈਸਰ ਹਨ ਨੇ ਕਿਹਾ ਕਿ ਅਧਿਆਪਕ ਨੂੰ ਸਾਰੀ ਉਮਰ ਸਿੱਖਦੇ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅਜਿਹੇ ਰਿਫਰੈਸ਼ਰ ਕੋਰਸ ਅਧਿਆਪਕ ਨੂੰ ਆਧੁਨਿਕ ਤਕਨੀਕਾਂ ਅਤੇ ਸਿੱਖਿਆ ਖੇਤਰ ਦੇ ਨਵੇ ਰੁਝਾਨਾਂ ਨਾਲ ਜੋੜ ਕੇ ਰੱਖਦੇ ਹਨ। ਇਸ ਮੌਕੇ ਪਹਿਲੇ ਕੋਰਸ ਦੇ ਕੋਆਰਡੀਨੇਟਰ ਡਾ. ਦੀਪਕ ਕੁਮਾਰ ਅਤੇ ਦੂਜੇ ਕੋਰਸ ਦੇ ਕੋਆਰਡੀਨੇਟਰ ਡਾ. ਲਖਵਿੰਦਰ ਕੌਰ ਅਤੇ ਕੋ-ਕੋਆਰਡੀਨੇਟਰ ਡਾ. ਧਵਲੀਸ਼ ਰਤਨ ਵੱਲੋਂ ਵੀ ਇਸ ਮੌਕੇ ਸੰਬੋਧਨ ਕੀਤਾ ਅਤੇ ਸੰਬੰਧਤ ਕੋਰਸਾਂ ਦੀ ਰੂਪ-ਰੇਖਾ ਅਤੇ ਮਹੱਤਤਾ ਬਾਰੇ ਚਾਨਣਾ ਪਾਇਆ ।
Related Post
Popular News
Hot Categories
Subscribe To Our Newsletter
No spam, notifications only about new products, updates.