
ਮੁੱਖ ਮੰਤਰੀ ਦੀ ਅਗਵਾਈ ਹੇਠ ਵੇਰਕਾ ਨੇ ਹੜ੍ਹ ਪੀੜਤਾਂ ਲਈ ਤਿੰਨ ਟਰੱਕ ਰਾਹਤ ਸਮੱਗਰੀ ਭੇਜੀ
- by Jasbeer Singh
- October 2, 2025

ਮੁੱਖ ਮੰਤਰੀ ਦੀ ਅਗਵਾਈ ਹੇਠ ਵੇਰਕਾ ਨੇ ਹੜ੍ਹ ਪੀੜਤਾਂ ਲਈ ਤਿੰਨ ਟਰੱਕ ਰਾਹਤ ਸਮੱਗਰੀ ਭੇਜੀ - ਵੇਰਕਾ ਵੱਲੋਂ ਹੜ੍ਹ ਪੀੜਤਾਂ ਲਈ 800 ਰਾਹਤ ਕਿੱਟਾਂ ਦਾ ਵੱਡਾ ਸਹਾਇਤਾ ਅਭਿਆਨ ਪਟਿਆਲਾ, 2 ਅਕਤੂਬਰ 2025 : ਪੰਜਾਬ ਦੇ ਪਿੰਡ ਪੱਧਰ ਤੇ ਦੁੱਧ ਉਤਪਾਦਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਸਹਿਕਾਰੀ ਸੰਸਥਾ, ਵੇਰਕਾ, ਹੜ੍ਹਾਂ ਦੀ ਮਾਰ ਹੇਠ ਆਏ ਪੀੜਤਾਂ ਲਈ ਵੱਡੇ ਪੱਧਰ 'ਤੇ ਸਹਾਇਤਾ ਮੁਹੱਈਆ ਕਰਵਾਉਂਦੀ ਰਹੀ ਹੈ । ਮਾਣਯੋਗ ਮੁੱਖ ਮੰਤਰੀ ਦੀ ਯੋਗ ਅਗਵਾਈ ਹੇਠ, ਅੱਜ ਵੇਰਕਾ ਮਿਲਕਫੈਡ ਦੇ ਚੇਅਰਮੈਨ ਸ.ਨਰਿੰਦਰ ਸਿੰਘ ਸ਼ੇਰਗਿੱਲ, ਪ੍ਰਦੀਪ ਮਲਹੋਤਰਾ, ਡਾ. ਨਾਗਰ ਸਿੰਘ ਅਤੇ ਹੋਰਨਾਂ ਪਤਵੰਤਿਆਂ ਦੀ ਮੌਜੂਦਗੀ ਵਿੱਚ ਵੇਰਕਾ ਮਿਲਕ ਪਲਾਂਟ, ਪਟਿਆਲਾ ਤੋਂ 800 ਰਾਹਤ ਕਿੱਟਾਂ ਦੇ ਤਿੰਨ ਟਰੱਕ ਹੜ੍ਹ ਪੀੜਤ ਇਲਾਕਿਆਂ ਵੱਲ ਰਵਾਨਾ ਕੀਤੇ । ਇਸ ਮੌਕੇ ਵੇਰਕਾ ਮਿਲਕਫੈਡ ਦੇ ਚੇਅਰਮੈਨ ਹਰਭਜਨ ਸਿੰਘ, ਅਮਨਦੀਪ ਰਹਿਲ, ਮਿਲਕਫੈਡ ਡਾਇਰੈਕਟਰਜ਼ ਬੋਰਡ ਆਫ ਡਾਇਰੈਕਟਰਜ ਅਤੇ ਪਲਾਂਟ ਦੇ ਜਨਰਲ ਮੈਨੇਜਰ ਅਨਿਮੇਸ਼ ਪ੍ਰਮਾਣਿਕ ਸਮੇਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਰਹੀ । ਇਹ ਕੋਸ਼ਿਸ਼ ਵੇਰਕਾ ਵੱਲੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਅਤੇ ਪੰਜਾਬ ਦੇ ਪਿੰਡਾਂ ਵਿੱਚ ਆ ਰਹੀ ਮੁਸ਼ਕਲਾਂ ਦਾ ਸਾਹਮਣਾ ਕਰਨ ਵਿੱਚ ਸਹਾਇਤਾ ਦੇਣ ਲਈ ਕੀਤਾ ਗਿਆ ਹੈ । ਇਸ ਤੋਂ ਇਲਾਵਾ, ਵੇਰਕਾ ਦੇ ਪ੍ਰਬੰਧ ਨਿਰਦੇਸ਼ਕ, ਮਿਲਕਫੈਡ ਰਾਹੁਲ ਗੁਪਤਾ (ਆਈ. ਏ. ਐਸ.) ਦੀ ਯੋਗ ਅਗਵਾਈ ਹੇਠ, ਪਿੰਡ ਪੱਧਰ ਤੇ ਦੁੱਧ ਉਤਪਾਦਕਾਂ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਆਂ ਸਭਾਵਾਂ ਦੀ ਸਥਾਪਨਾ ਜਾਰੀ ਹੈ । ਇਸ ਨਾਲ ਨਿਰਯਾਤ ਅਤੇ ਅੰਦਰੂਨੀ ਮਾਰਕੀਟ ਵਿੱਚ ਖਪਤਕਾਰਾਂ ਦੀ ਵਧ ਰਹੀ ਮੰਗ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ । ਵੇਰਕਾ ਵੱਲੋਂ ਹਾਲ ਹੀ ਵਿੱਚ ਕਾਜੂ-ਬਦਾਮ ਵਾਲਾ ਦੁੱਧ, ਰਬੜੀ ਅਤੇ ਹਾਈਪ੍ਰੋਟੀਨ ਪ੍ਰੋਬਾਇਓਟਿਕ ਦਹੀ ਵਰਗੇ ਨਵੇਂ ਉਤਪਾਦ ਮੰਡੀ ਵਿੱਚ ਲਾਂਚ ਕੀਤੇ ਗਏ ਹਨ, ਜੋ ਗੁਣਵੱਤਾ ਅਤੇ ਨਵੀਨਤਾਂ ਵਿੱਚ ਵਧੇਰੇ ਵਾਧਾ ਕਰਨਗੇ । ਇਸ ਨਾਲ ਸਿਰਫ ਖਪਤਕਾਰਾਂ ਨੂੰ ਸੁਵਿਧਾਵਾਂ ਮਿਲਣਗੀਆਂ ਹੀ ਨਹੀਂ, ਸਗੋਂ ਦੁੱਧ ਉਤਪਾਦਕਾਂ ਲਈ ਵੀ ਵਾਧੂ ਮੌਕੇ ਬਣਨਗੇ । ਵੇਰਕਾ ਦੀ ਇਸ ਰਣਨੀਤੀ ਦਾ ਮੁੱਖ ਉਦੇਸ਼ ਪੰਜਾਬ ਦੇ ਪਿੰਡਾਂ ਦੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਅਤੇ ਖਪਤਕਾਰਾਂ ਲਈ ਸਿਹਤਮੰਦ, ਸੁਰੱਖਿਅਤ ਅਤੇ ਨਵੀਂ ਕਿਸਮ ਦੇ ਦੁੱਧ ਉਤਪਾਦ ਲੈ ਕੇ ਆਉਣਾ ਹੈ । ਆਉਣ ਵਾਲੇ ਸਮੇਂ ਵਿੱਚ ਹੋਰ ਨਵੇਂ ਉਤਪਾਦ ਲਾਂਚ ਕਰਨ ਦੀ ਯੋਜਨਾ ਹੈ ਜੋ ਇਲਾਕੇ ਦੀ ਆਰਥਿਕਤਾ ਅਤੇ ਖੇਤੀਬਾੜੀ ਨੂੰ ਨਵੀਂ ਰੌਸ਼ਨੀ ਦੇਣਗੇ ।