ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਚਲਾਈਆਂ ਤਾਬੜ ਤੋੜ ਗੋਲੀਆਂ
- by Jasbeer Singh
- November 22, 2025
ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਚਲਾਈਆਂ ਤਾਬੜ ਤੋੜ ਗੋਲੀਆਂ ਬਟਾਲਾ, 22 ਨਵੰਬਰ 2025 : ਪੰਜਾਬ ਦੇ ਜਿ਼ਲਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੇ ਜਲੰਧਰ ਰੋਡ `ਤੇ ਜਿ਼ਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੌਤਮ ਸੇਠ ਗੁੱਡੂ ਦੇ ਮੋਬਾਈਲ ਫੋਨ ਸ਼ੋਅਰੂਮ `ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਦੇ ਚਲਦਿਆਂ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪੁਲਸ ਨੇ ਮੌਕੇ ਤੇ ਪਹੁੰਚ ਕਰ ਦਿੱਤੀ ਹੈ ਜਾਂਚ ਸ਼ੁਰੂ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. (ਸਿਟੀ) ਸੰਜੀਵ ਕੁਮਾਰ, ਐਸ. ਐਚ. ਓ. ਸਿਟੀ ਸੁਖਜਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ `ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ । ਫਤਿਹਗੜ੍ਹ ਚੂੜੀਆਂ ਹਲਕੇ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਮੌਕੇ `ਤੇ ਪਹੁੰਚੇ । ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੀ ਸੇਠ ਟੈਲੀਕਾਮ ਪਹੁੰਚੇ ਅਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ । ਕਾਂਗਰਸੀ ਤੇ ਵਪਾਰੀ ਗੌਤਮ ਸੇਠ ਨੇ ਦੱਸੀ ਸਾਰੀ ਗੱਲਬਾਤ ਜਿ਼ਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕਾਰੋਬਾਰੀ ਗੌਤਮ ਸੇਠ ਗੁੱਡੂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ 6:30 ਵਜੇ ਦੇ ਕਰੀਬ ਮੋਟਰਸਾਈਕਲ `ਤੇ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੇ ਸ਼ੋਅਰੂਮ `ਤੇ ਗੋਲੀਆਂ ਚਲਾਈਆਂ । ਗੌਤਮ ਸੇਠ ਗੁੱਡੂ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਜਬਰੀ ਵਸੂਲੀ ਬਾਰੇ ਧਮਕੀ ਭਰੇ ਫੋਨ ਆ ਰਹੇ ਹਨ ਅਤੇ ਉਨ੍ਹਾਂ ਨੇ ਐਸ. ਐਸ. ਪੀ. ਬਟਾਲਾ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਡਿਪਟੀ ਸੁਪਰਡੈਂਟ ਆਫ ਪੁਲਸ (ਡੀ. ਐਸ. ਪੀ.) (ਸਿਟੀ) ਸੰਜੀਵ ਕੁਮਾਰ ਨੇ ਆਖਿਆ ਕਿ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਆਰੋਪੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।
