ਸੰਯੁਕਤ ਰਾਸ਼ਟਰ: ਰੂਸ ਤੋਂ ਯੂਕਰੇਨ ਖ਼ਿਲਾਫ਼ ਜੰਗ ਰੋਕਣ ਦੀ ਮੰਗ ਵਾਲੇ ਪ੍ਰਸਤਾਵ ’ਤੇ ਵੋਟਿੰਗ ਤੋਂ ਦੂਰ ਰਿਹਾ ਭਾਰਤ
- by Jasbeer Singh
- July 12, 2024
ਸੰਯੁਕਤ ਰਾਸ਼ਟਰ: ਰੂਸ ਤੋਂ ਯੂਕਰੇਨ ਖ਼ਿਲਾਫ਼ ਜੰਗ ਰੋਕਣ ਦੀ ਮੰਗ ਵਾਲੇ ਪ੍ਰਸਤਾਵ ’ਤੇ ਵੋਟਿੰਗ ਤੋਂ ਦੂਰ ਰਿਹਾ ਭਾਰਤ ਸੰਯੁਕਤ ਰਾਸ਼ਟਰ, 12 ਜੁਲਾਈ : ਭਾਰਤ ਸੰਯੁਕਤ ਰਾਸ਼ਟਰ ਜਨਰਲ ਅਸੈਂਬੀ ਵਿੱਚ ਵੀਰਵਾਰ ਨੂੰ ਉਸ ਪ੍ਰਸਤਾਵ ’ਤੇ ਹੋਈ ਵੋਟਿੰਗ ਤੋਂ ਦੂਰ ਰਿਹਾ, ਜਿਸ ਵਿੱਚ ਰੂਸ ਕੋਲੋਂ ਯੂਕਰੇਨ ਖ਼ਿਲਾਫ਼ ਹਮਲੇ ਤੁਰੰਤ ਰੋਕਣ ਅਤੇ ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ’ਚੋਂ ਰੂਸੀ ਸੈਨਿਕਾਂ ਅਤੇ ਹੋਰ ਅਣਅਧਿਕਾਰਤ ਕਰਮਚਾਰੀਆਂ ਨੂੰ ਤੁਰੰਤ ਵਾਪਸ ਸੱਦਣ ਦੀ ਮੰਗ ਕੀਤੀ ਗਈ ਹੈ। 193 ਮੈਂਬਰੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ 99 ਦੇਸ਼ਾਂ ਨੇ ਉਕਤ ਪ੍ਰਸਤਾਵ ਦੇ ਪੱਖ ਵਿੱਚ, ਤਾਂ ਬੇਲਾਰੂਸ, ਕਿਊਬਾ, ਉੱਤਰ ਕੋਰੀਆ, ਰੂਸ ਅਤੇ ਸੀਰੀਆ ਸਣੇ ਨੌਂ ਦੇਸ਼ਾਂ ਨੇ ਇਸ ਦੇ ਖ਼ਿਲਾਫ਼ ਵੋਟਿੰਗ ਕੀਤੀ। ਉੱਧਰ, ਭਾਰਤ, ਬੰਗਲਾਦੇਸ਼, ਭੂਟਾਨ, ਚੀਨ, ਮਿਸਰ, ਨੇਪਾਲ, ਪਾਕਿਸਤਾਨ, ਸਾਊਦੀ ਅਰਬ, ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਸਣੇ 60 ਦੇਸ਼ ਵੋਟਿੰਗ ਤੋਂ ਦੂਰ ਰਹੇ। ‘ਯੂਕਰੇਨ ਦੇ ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ਸਣੇ ਹੋਰ ਪਰਮਾਣੂ ਪਲਾਂਟਾਂ ਦੀ ਰੱਖਿਆ ਤੇ ਸੁਰੱਖਿਆ’ ਦੇ ਸਿਰਲੇਖ ਵਾਲੇ ਪ੍ਰਸਤਾਵ ਦੇ ਖਰੜੇ ਵਿੱਚ ਰੂਸ ਕੋਲੋਂ ‘ਯੂਕਰੇਨ ਖ਼ਿਲਾਫ਼ ਹਮਲੇ ਤੁਰੰਤ ਬੰਦ ਕਰਨ ਅਤੇ ਯੂਕਰੇਨੀ ਖੇਤਰ ’ਚੋਂ ਆਪਣੇ ਸਾਰੇ ਫੌਜੀ ਬਲਾਂ ਨੂੰ ਬਿਨਾ ਸ਼ਰਤ ਕੌਮਾਂਤਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਰਹੱਦਾਂ ਦੇ ਅੰਦਰ ਵਾਪਸ ਸੱਦਣ ਦੀ ਮੰਗ ਕੀਤੀ ਗਈ ਹੈ।’’ ਪ੍ਰਸਤਾਵ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰੂਸ ਜ਼ਾਪੋਰਿਜ਼ੀਆ ਪਰਮਾਣੂ ਊਰਜਾ ਪਲਾਂਟ ’ਚੋਂ ਆਪਣੇ ਸੈਨਿਕਾਂ ਤੇ ਹੋਰ ਅਣਅਧਿਕਾਰਤ ਮੁਲਾਜ਼ਮਾਂ ਨੂੰ ਤੁਰੰਤ ਵਾਪਸ ਸੱਦੇ ਅਤੇ ਪਲਾਂਟ ਦੀ ਰੱਖਿਆ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਇਸ ਦਾ ਕੰਟਰੋਲ ਤੁਰੰਤ ਯੂਕਰੇਨ ਦੇ ਪ੍ਰਭੂਸੱਤਾ ਸੰਪੰਨ ਤੇ ਸਮਰੱਥ ਅਧਿਕਾਰੀਆਂ ਦੇ ਪੂਰੇ ਕੰਟਰੋਲ ਵਿੱਚ ਵਾਪਸ ਦੇਵੇ। ਉੱਧਰ, ਪ੍ਰਸਤਾਵ ’ਤੇ ਵੋਟਿੰਗ ਤੋਂ ਪਹਿਲਾਂ ਰੂਸ ਦੇ ਪਹਿਲੇ ਉਪ ਸਥਾਈ ਪ੍ਰਤੀਨਿਧ ਦਮਿੱਤਰੀ ਪੋਲੰਸਕੀ ਨੇ ਕਿਹਾ ਕਿ ਜਨਰਲ ਅਸੈਂਬਲੀ ਨੇ ਬਦਕਿਸਮਤੀ ਨਾਲ ਕਈ ਅਜਿਹਾੇ ਦਸਤਾਵੇਜ਼ਾਂ ਨੂੰ ਅਪਣਾਇਆ ਹੈ ਜੋ ਰਾਜਨੀਤੀ ਤੋਂ ਪ੍ਰੇਰਿਤ ਹਨ, ਅਸਲੀਅਤ ਨਹੀਂ ਦੱਸਦੇ ਅਤੇ ਜਿਨ੍ਹਾਂ ’ਤੇ ਸਹਿਮਤੀ ਕਾਇਮ ਨਹੀਂ ਹੋਈ ਹੈ। ਪੋਲੰਸਕੀ ਨੇ ਕਿਹਾ, ‘‘ਕੋਈ ਗ਼ਲਤੀ ਨਾ ਕਰਨਾ: ਅੱਜ ਦੇ ਪ੍ਰਸਤਾਵ ਦੇ ਪੱਖ ਵਿੱਚ ਵੋਟਿੰਗ ਨੂੰ ਯੂਕਰੇਨ ’ਚ ਜੰਗ ਨੂੰ ਹੋਰ ਬੜ੍ਹਾਵਾ ਦੇਣ ਦੀ ਕੀਵ, ਵਾਸ਼ਿੰਗਟਨ, ਬਰੱਸਲਜ਼ ਅਤੇ ਲੰਡਨ ਦੀ ਨੀਤੀ ਦੇ ਸਮਰਥਨ ਦੇ ਸਬੂਤ ਵਜੋਂ ਲਿਆ ਜਾਵੇਗਾ ਜੋ ਕੌਮਾਂਤਰੀ ਭਾਈਚਾਰੇ ਦੇ ਇਕ ਸਮਝਦਾਰ ਖੇਮੇ ਵੱਲੋਂ ਸੰਘਰਸ਼ ਦੇ ਸ਼ਾਂਤੀਪੂਰਨ, ਟਿਕਾਊ ਅਤੇ ਲੰਬੇ ਸਮੇਂ ਦੇ ਹੱਲ ਲਈ ਉਠਾਏ ਗਏ ਕਦਮਾਂ ਲਈ ਨੁਕਸਾਨਦਾਇਕ ਸਾਬਿਕ ਹੋਵੇਗਾ।’’ ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਵਿਭਾਗ ਵਿੱਚ ਯੂਰੋਪੀ ਸੁਰੱਖਿਆ ਤੇ ਸਿਆਸੀ ਮਾਮਲਿਆਂ ਦੇ ਦਫ਼ਤਰ ਵਿੱਚ ਡਾਇਰੈਕਟਰ ਵਜੋਂ ਤਾਇਨਾਤ ਲਿਆਮ ਵਾਸਲੇਅ ਨੇ ਕਿਹਾ ਕਿ ਭਾਰਤ ਨੂੰ ਆਲਮੀ ਪੱਧਰ ’ਤੇ ਇਕ ਨਾਜ਼ੁਕ ਸੁਰੱਖਿਆ ਪ੍ਰਦਾਤਾ ਹੋਣ ਦੇ ਨਾਤੇ ਯੂਕਰੇਨ ਵਿੱਚ ਸ਼ਾਂਤੀ ਯਕੀਨੀ ਬਣਾਉਣ ਵਿੱਚ ਇਕ ਸਕਾਰਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ ਅਤੇ ਇਸ ਨੂੰ ਰੂਸ ਨਾਲ ਗੱਲਬਾਤ ਕਰਨ ਦੀ ਪ੍ਰੇਰਣਾ ਪ੍ਰਦਾਨ ਕਰਨੀ ਚਾਹੀਦੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.