
ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮੈਨੇਜਮੈਂਟ ਨੇ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਹਿਤ ਪ੍ਰੋਗਰਾਮ ਕਰਵਾਇਆ
- by Jasbeer Singh
- January 23, 2025

ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮੈਨੇਜਮੈਂਟ ਨੇ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਹਿਤ ਪ੍ਰੋਗਰਾਮ ਕਰਵਾਇਆ ਪਟਿਆਲਾ, 23 ਜਨਵਰੀ : ਪੰਜਾਬੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਅਪਲਾਈਡ ਮੈਨੇਜਮੈਂਟ ਵੱਲੋਂ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮਕਸਦ ਨਾਲ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿੱਚ ਵਿਭਾਗ ਦੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਬਾਰੇ ਸਿੱਖਿਅਤ ਕੀਤਾ ਗਿਆ । ਇਹ ਸਮਾਗਮ ਨੌਜਵਾਨਾਂ ਵਿੱਚ ਸੜਕ ਹਾਦਸਿਆਂ ਨੂੰ ਘਟਾਉਣ ਲਈ ਸੁਚੇਤ ਤੌਰ 'ਤੇ ਗੱਡੀ ਚਲਾਉਣ ਦੀ ਸਮਝ ਵਧਾਉਣ ਲਈ ਕਰਵਾਇਆ ਗਿਆ । ਸੜਕ ਸੁਰੱਖਿਆ ਸੈੱਲ ਪਟਿਆਲਾ ਤੋਂ ਸ਼੍ਰੀਮਤੀ ਪੁਸ਼ਪਾ ਦੇਵੀ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਮਾਰਗਦਰਸ਼ਨ ਕੀਤਾ । ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਤੋਂ ਬਚਣ ਅਤੇ ਗਤੀ ਸੀਮਾ ਦੀ ਪਾਲਣਾ ਕਰਨ । ਉਨ੍ਹਾਂ ਵਿਭਾਗ ਵੱਲੋਂ ਉਲੀਕੀ ਇਸ ਗਤੀਵਿਧੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਸਾਡੇ ਭਾਈਚਾਰੇ ਵਿੱਚ ਸੜਕ ਸੁਰੱਖਿਆ ਵਾਲ਼ੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਹਿਤ ਇੱਕ ਮਹੱਤਵਪੂਰਨ ਪ੍ਰਭਾਵ ਪਾਏਗੀ । ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਿੱਖਿਅਤ ਕਰਕੇ ਅਸੀਂ ਇੱਕ ਸੁਰੱਖਿਅਤ ਅਤੇ ਜ਼ਿੰਮੇਵਾਰ ਡਰਾਈਵਿੰਗ ਵਾਲਾ ਮਾਹੌਲ ਬਣਾ ਸਕਦੇ ਹਾਂ ।