
ਅਮਰੀਕਾ ਨੇ 192 ਦੇਸ਼ਾਂ ਦੇ 272 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ
- by Jasbeer Singh
- December 21, 2024

ਅਮਰੀਕਾ ਨੇ 192 ਦੇਸ਼ਾਂ ਦੇ 272 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਕੀਤਾ ਡਿਪੋਰਟ ਅਮਰੀਕਾ : ਸੰਸਾਰ ਪ੍ਰਸਿੱਧ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੀ ਯੂ. ਐਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਨੇ ਹਾਲ ਹੀ ਦੇ 12 ਮਹੀਨਿਆਂ ਵਿਚ ਭਾਰਤ ਸਮੇਤ 192 ਦੇਸ਼ਾਂ ਵਿਚ 270,000 ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਹੈ, ਜੋ ਇੱਕ ਦਹਾਕੇ ਵਿਚ ਸਭ ਤੋਂ ਵੱਧ ਸਾਲਾਨਾ ਅੰਕੜਾ ਹੈ । ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਰਾਸ਼ਟਰਪਤੀ ਜੋਅ ਬਾਈਡੇਨ ਨੇ ਟਰੰਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀ ਸਮੱਸਿਆ ਦਾ ਸਾਹਮਣਾ ਕੀਤਾ ਅਤੇ ਆਖਿਰਕਾਰ ਲਾਗੂ ਕਰਨ ’ਤੇ ਸਖ਼ਤ ਰੁਖ ਅਪਣਾਇਆ । ਰਿਪਬਲੀਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਨੇ ਨਵੰਬਰ ’ਚ ਰਾਸ਼ਟਰਪਤੀ ਚੋਣ ਜਿੱਤੀ ਅਤੇ ਰਿਕਾਰਡ ਗਿਣਤੀ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਵਾਅਦਾ ਕੀਤਾ ਸੀ । ਦੇਸ਼ ਵਿਚ ਗੈਰ-ਕਾਨੂੰਨੀ ਤੌਰ `ਤੇ ਰਹਿ ਰਹੇ ਲੋਕਾਂ ਨੂੰ ਡਿਪੋਰਟ ਕਰਨ ਲਈ ਜ਼ਿੰਮੇਵਾਰ ਮੁੱਖ ਸਰਕਾਰੀ ਏਜੰਸੀ ਆਈ. ਸੀ. ਈ. ਨੇ 30 ਸਤੰਬਰ ਨੂੰ ਖ਼ਤਮ ਹੋਏ ਵਿੱਤੀ ਸਾਲ ਵਿਚ 271,484 ਲੋਕ ਡਿਪੋਰਟ ਕੀਤੇ, ਜੋ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ 142,580 ਤੋਂ ਲਗਭਗ ਦੁੱਗਣਾ ਹੈ।ਇਹ 2014 ਤੋਂ ਬਾਅਦ ਦਾ ਸਭ ਤੋਂ ਵੱਡਾ ਦੇਸ਼ ਨਿਕਾਲਾ ਸੀ, ਜਦੋਂ ਇਸ ਨੇ 315,943 ਲੋਕਾਂ ਨੂੰ ਕੱਢਿਆ ਸੀ।ਟਰੰਪ ਪ੍ਰਸ਼ਾਸਨ ਇਸ ਡਿਪੋਰਟੇਸ਼ਨ ਕੈਂਪੇਨ ਨੂੰ ਪੂਰਾ ਕਰਨ ਲਈ ਸੰਘੀ ਸਰਕਾਰੀ ਸਰੋਤਾਂ ਦੀ ਵਰਤੋਂ ਕਰੇਗਾ । ਵ੍ਹਾਈਟ ਹਾਊਸ ਵਿਚ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਇਹ ਸਭ ਤੋਂ ਵੱਧ 2019 ਵਿਚ 267,258 ਸੀ । ਵਿੱਤੀ ਸਾਲ 2023 ਵਿਚ ਬਾਈਡੇਨ ਵਲੋਂ ਡਿਪੋਰਟ ਕੀਤੇ ਅਤੇ ਮੈਕਸੀਕੋ ਵਿਚ ਵਾਪਸ ਭੇਜਣ ਦੀ ਗਿਣਤੀ ਟਰੰਪ ਦੇ ਕਿਸੇ ਵੀ ਸਾਲ ਦੇ ਅੰਕੜਿਆਂ ਤੋਂ ਵੱਧ ਰਹੀ ।