
ਪੰਜਾਬੀ ਯੂਨੀਵਰਸਿਟੀ ਵਿਖੇ 'ਸ਼ਾਸਤਰੀ ਸੰਗੀਤ ਸੰਮੇਲਨ' ਦੇ ਦੂਜੇ ਦਿਨ ਵੱਖ-ਵੱਖ ਫ਼ਨਕਾਰਾਂ ਨੇ ਬੰਨ੍ਹੇ ਰੰਗ
- by Jasbeer Singh
- March 20, 2025

ਪੰਜਾਬੀ ਯੂਨੀਵਰਸਿਟੀ ਵਿਖੇ 'ਸ਼ਾਸਤਰੀ ਸੰਗੀਤ ਸੰਮੇਲਨ' ਦੇ ਦੂਜੇ ਦਿਨ ਵੱਖ-ਵੱਖ ਫ਼ਨਕਾਰਾਂ ਨੇ ਬੰਨ੍ਹੇ ਰੰਗ ਪਟਿਆਲਾ, 20 ਮਾਰਚ : ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ 11ਵੇਂ 'ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਦੇ ਦੂਜੇ ਦਿਨ ਵੱਖ-ਵੱਖ ਫ਼ਨਕਾਰਾਂ ਨੇ ਸ਼ਾਸਤਰੀ ਗਾਇਨ ਅਤੇ ਸਿਤਾਰ ਵਾਦਨ ਨਾਲ਼ ਰੰਗ ਬੰਨ੍ਹੇ। ਸੰਮੇਲਨ ਦਾ ਦੂਜਾ ਦਿਨ 'ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਸਮਾਰੋਹ' ਨੂੰ ਸਮਰਪਿਤ ਰਿਹਾ । ਦੂਜੇ ਦਿਨ ਦੀ ਸ਼ੁਰੂਆਤ ਸ. ਹਰਪ੍ਰੀਤ ਸਿੰਘ ਅਤੇ ਸ. ਹੁਸਨਬੀਰ ਸਿੰਘ ਪੰਨੂ ਵੱਲੋਂ ਕੀਤੇ ਗਏ ਸ਼ਾਸਤਰੀ ਗਾਇਨ ਨਾਲ਼ ਹੋਈ । ਉਨ੍ਹਾਂ ਆਪਣੇ ਉਸਤਾਦ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਦੀਆਂ ਵੱਖ-ਵੱਖ ਬੰਦਿਸ਼ਾਂ ਦਾ ਗਾਇਨ ਕੀਤਾ । ਇਸ ਉਪਰੰਤ ਦਿੱਲੀ ਤੋਂ ਪੁੱਜੇ ਮੈਹਰ ਘਰਾਣੇ ਦੇ ਫ਼ਨਕਾਰ ਸ੍ਰੀ ਸੌਮ੍ਰਿਤ ਠਾਕੁਰ ਦੇ ਸਿਤਾਰ ਵਾਦਨ ਨਾਲ਼ ਸਿਖ਼ਰ ਹੋਇਆ। ਇਸ ਮੌਕੇ ਪੰਜਾਬ ਘਰਾਣਾ ਦੇ ਉੱਘੇ ਤਬਲਾ ਨਵਾਜ਼ ਪੰਡਿਤ ਰਮਾਕਾਂਤ ਨੂੰ 'ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਐਵਾਰਡ' ਨਾਲ਼ ਸਨਮਾਨਿਆ ਗਿਆ । ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਵਿੱਤ ਅਫ਼ਸਰ ਪੰਜਾਬੀ ਯੂਨੀਵਰਸਿਟੀ ਡਾ. ਪ੍ਰਮੋਦ ਅੱਗਰਵਾਲ ਵੱਲੋਂ ਸੰਗੀਤ ਦੀ ਅਹਿਮੀਅਤ ਬਾਰੇ ਗੱਲ ਕੀਤੀ ਗਈ । ਉਨ੍ਹਾਂ ਕਿਹਾ ਕਿ ਸੰਗੀਤ ਰੂਹ ਦੀ ਖੁਰਾਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਹਿਲੀ ਅਜਿਹੀ ਯੂਨੀਵਰਸਿਟੀ ਹੈ ਜਿਸ ਨੇ ਗੁਰਮਤਿ ਸੰਗੀਤ ਨੂੰ ਵਿਸ਼ੇ ਵਜੋਂ ਵਿਕਸਿਤ ਅਤੇ ਲਾਗੂ ਕੀਤਾ ਹੈ । ਇਸ ਮੌਕੇ ਕਮਲਨੈਨ ਕੌਰ ਸੋਹਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਸਵਾਗਤੀ ਸ਼ਬਦ ਸੰਗੀਤ ਵਿਭਾਗ ਦੇ ਮੁਖੀ ਡਾ. ਅਲੰਕਾਰ ਸਿੰਘ ਵੱਲੋਂ ਪੇਸ਼ ਕੀਤੇ ਗਏ ਅਤੇ ਧੰਨਵਾਦੀ ਭਾਸ਼ਣ ਪ੍ਰੋ. ਨਿਵੇਦਿਤਾ ਸਿੰਘ ਵੱਲੋਂ ਦਿੱਤਾ ਗਿਆ । ਇਸ ਮੌਕੇ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਦੇ ਪਰਿਵਾਰ ਦੇ ਮੈਂਬਰ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ । ਡਾ. ਜਸਬੀਰ ਕੌਰ ਵੱਲੋਂ 'ਸਿਮ੍ਰਤੀਆਂ ਦੇ ਝਰੋਖੇ `ਚੋਂ' ਸਿਰਲੇਖ ਤਹਿਤ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਨਾਲ਼ ਜੁੜੀਆਂ ਵੱਖ-ਵੱਖ ਯਾਦਾਂ ਸਾਂਝੀਆਂ ਕੀਤੀਆਂ ਗਈਆਂ ।