ਵਿਜੀਲੈਂਸ ਵੱਲੋਂ ਰਿਸ਼ਵਤ ਮਾਮਲੇ ਵਿਚ ਬਟਾਲਾ ਨਿਗਮ ਕਮਿਸ਼ਨਰ-ਕਮ-ਐਸ. ਡੀ. ਐਮ. ਗ੍ਰਿਫਤਾਰ
- by Jasbeer Singh
- November 22, 2025
ਵਿਜੀਲੈਂਸ ਵੱਲੋਂ ਰਿਸ਼ਵਤ ਮਾਮਲੇ ਵਿਚ ਬਟਾਲਾ ਨਿਗਮ ਕਮਿਸ਼ਨਰ-ਕਮ-ਐਸ. ਡੀ. ਐਮ. ਗ੍ਰਿਫਤਾਰ ਬਟਾਲਾ, 22 ਨਵੰਬਰ 2025 : ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਐਸ. ਡੀ. ਐਮ. ਵਿਕਰਮਜੀਤ ਸਿੰਘ ਪਾਂਥੇ ਨੂੰ ਸਿ਼ਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਮੁਤਾਬਕ ਮੁਲਜ਼ਮ ਦੀ ਜਾਂਚ ਦੌਰਾਨ 13,50,000 ਰੁਪਏ ਦੀ ਹੋਰ ਰਕਮ ਵੀ ਬਰਾਮਦ ਕੀਤੀ ਹੈ, ਜਿਸਦੇ ਮੁਲਜ਼ਮ ਸਹੀ ਵੇਰਵੇ ਨਹੀਂ ਦੇ ਸਕਿਆ। ਕੀ ਦੱਸਿਆ ਵਿਜੀਲੈਂਸ ਦੇ ਬੁੁਲਾਰੇ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਿ਼ਕਾਇਤਕਰਤਾ ਬਟਾਲਾ ਜਿ਼ਲ੍ਹਾ ਗੁਰਦਾਸਪੁਰ ਦਾ ਵਾਸੀ ਹੈ ਅਤੇ ਨਗਰ ਨਿਗਮ ਬਟਾਲਾ ਵਿਖੇ ਸੜਕਾਂ ਦਾ ਪੈਚ ਵਰਕ ਅਤੇ ਮੁਰੰਮਤ ਦਾ ਕੰਮ ਕਰਵਾਇਆ ਸੀ, ਜਿਸਦੇ ਦੋ ਬਿੱਲ 1 ਲੱਖ 87 ਹਜ਼ਾਰ 483 ਰੁਪਏ ਅਤੇ 1 ਲੱਖ 85 ਹਜ਼ਾਰ 369 ਰੁਪਏ ਦੇ ਸਨ, ਜਿਸਦੀ ਕੁੱਲ ਰਕਮ 3 ਲੱਖ 72 ਹਜ਼ਾਰ 852 ਰੁਪਏ ਬਣਦੀ ਸੀ । ਇਸ ਸਬੰਧੀ ਉਹ ਬਟਾਲਾ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲਿਆ, ਜਿਸਨੇ ਉਸਨੂੰ ਦੱਸਿਆ ਕਿ ਬਿੱਲਾਂ ਦੀ ਉਕਤ ਅਦਾਇਗੀ ਲਈ ਯਾਨੀ ਕਿ ਇਨ੍ਹਾਂ ਬਿੱਲਾਂ ਨੂੰ ਕਲੀਅਰ ਕਰਵਾਉਣ ਲਈ 10 ਫੀਸਦੀ ਕਮਿਸ਼ਨ ਵਜੋਂ 37 ਹਜ਼ਾਰ ਰੁਪਏ ਰਿਸ਼ਵਤ ਦੇਣੀ ਹੋਵੇਗੀ । ਸਿ਼ਕਾਇਤਕਰਤਾ ਨੂੰ ਬਕਾਇਆ ਰਕਮ ਲੈਣ ਲਈ 9 ਫੀਸਦੀ ਕਮਿਸ਼ਨਰ ਦੇਣ ਲਈ ਗਿਆ ਸੀ ਕਿਹਾ ਉਨ੍ਹਾਂ ਦੱਸਿਆ ਕਿ ਸਿ਼ਕਾਇਤਕਰਤਾ ਨੇ ਬਟਾਲਾ ਵਿਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਲਈ ਕੈਮਰਾ ਅਤੇ ਹੋਰ ਸਬੰਧਤ ਕੰਮ ਵੀ ਕੀਤਾ ਸੀ, ਜਿਸ ਲਈ 1 ਲੱਖ 81 ਹਜ਼ਾਰ 543 ਰੁਪਏ ਦੀ ਰਕਮ ਵੀ ਬਕਾਇਆ ਸੀ । ਇਸ ਤਰ੍ਹਾਂ ਕੁੱਲ ਰਕਮ ਲਗਭਗ 5 ਲੱਖ 54 ਹਜ਼ਾਰ 395 ਰੁਪਏ ਦੀ ਅਦਾਇਗੀ ਬਕਾਇਆ ਸੀ । ਇਨ੍ਹਾਂ ਬਿੱਲਾਂ ਦੀ ਅਦਾਇਗੀ ਸਬੰਧੀ ਉਹ ਐਸ. ਡੀ. ਓ. ਰੋਹਿਤ ਉੱਪਲ ਨੂੰ ਮਿਲਿਆ, ਜਿਸ ਨੇ ਕਿਹਾ ਕਿ ਉਸਨੂੰ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਸਿ਼ਕਾਇਤਕਰਤਾ ਨੂੰ ਬਣਦੀ ਰਕਮ ਜਾਰੀ ਕਰਨ ਲਈ 9 ਫੀਸਦੀ ਕਮਿਸ਼ਨ ਰਿਸ਼ਵਤ ਵਜੋਂ ਦੇਣਾ ਪਵੇਗਾ ਪਰ ਸਿ਼ਕਾਇਤਕਰਤਾ ਰਿਸ਼ਵਤ ਦੇ ਕੇ ਆਪਣਾ ਕੰਮ ਨਹੀਂ ਕਰਵਾਉਣਾ ਚਾਹੁੰਦਾ ਸੀ । ਵਿਜੀਲੈਂਸ ਨੇ ਕੀਤਾ ਸਿ਼ਕਾਇਤਕਰਤਾ ਦਾ ਬਿਆਨ ਦਰਜ ਵਿਜੀਲੈਂਸ ਬਿਊਰੋ ਨੇ ਸਿ਼ਕਾਇਤਕਰਤਾ ਦੀ ਜਾਣਕਾਰੀ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਸਿਕਾਇਤਕਰਤਾ ਦਾ ਬਿਆਨ ਦਰਜ ਕੀਤਾ । ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਵਿਜੀਲੈਂਸ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਵਿਕਰਮਜੀਤ ਸਿੰਘ ਪਾਂਥੇ ਨੂੰ ਸ਼ਿਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ ।ਉਕਤ ਮੁਲਜ਼ਮ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਥਾਣਾ ਵਿਜੀਲੈਂਸ ਬਿਊਰੋ, ਰੇਂਜ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਕੱਲ੍ਹ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸਬੰਧੀ ਅਗਲੀ ਜਾਂਚ ਜਾਰੀ ਹੈ ।
