post

Jasbeer Singh

(Chief Editor)

Patiala News

ਸਾਈਫਨਾਂ ਦੀ ਸਫ਼ਾਈ ਨਾ ਹੋਣ ਕਾਰਨ ਪਿੰਡਾਂ ਦੇ ਲੋਕ ਸਹਿਮੇ

post-img

ਘੱਗਰ ਵਿੱਚ ਆਉਂਦੇ ਹੜ੍ਹਾਂ ਦੇ ਪਾਣੀ ਦੀ ਨਿਕਾਸੀ ਲਈ ਬਣੇ ਹਾਂਸੀ-ਬੁਟਾਨਾ ਨਹਿਰ ਦੇ ਸਾਈਫਨਾਂ ਦੀ ਸਫ਼ਾਈ ਨਾ ਹੋਣ ਕਾਰਨ, ਪੁਲ ਹੇਠਲੀਆਂ ਕੰਧਾਂ ਟੁੱਟਣ ਕਰਕੇ ਪਟਿਆਲਾ-ਕੈਥਲ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਹਰਿਆਣਾ ਤੇ ਪੰਜਾਬ ਦੀਆਂ ਸਰਕਾਰਾਂ ਪਿਛਲੇ ਲੰਮੇ ਸਮੇਂ ਤੋਂ ਹੜ੍ਹਾਂ ਦੇ ਪਾਣੀ ਤੋਂ ਬਚਾਅ ਲਈ ਅਗਾਊ ਪ੍ਰਬੰਧਾਂ ਦਾ ਜ਼ਿਕਰ ਕਰਕੇ ਲੋਕਾਂ ਨੂੰ ਧਰਵਾਸ ਦੇਣ ਤੱਕ ਸੀਮਤ ਹਨ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਗੁਰਬਖਸ਼ ਸਿੰਘ ਧਨੇਠਾ ਨੇ ਦੱਸਿਆ ਕਿ ਪਿੰਡ ਬੋਪੁਰ-ਡੰਡੋਤਾ ਨੇੜੇ ਟਾਂਗਰੀ ਤੇ ਮਾਰਕੰਡਾ ਦਰਿਆ ਦਾ ਪਾਣੀ ਬਰਸਾਤਾਂ ਵਿੱਚ ਇਕੱਠਾ ਹੋ ਕੇ ਮੀਰਾਂਪੁਰ ਚੋਅ ਤੇ ਘੱਗਰ ਰਾਹੀਂ ਹਾਂਸੀ- ਬੁਟਾਣਾ ਨਹਿਰ ਦੇ ਹੇਠਾਂ ਬਣੇ 40 ਸਾਈਫਨਾ ਵਿੱਚੋਂ ਲੰਘਦਾ ਹੈ। ਇਨ੍ਹਾਂ ਸਾਈਫਨਾਂ ਦੀ ਉਚਾਈ ਬੈੱਡ ਤੋਂ ਲੈਂਟਰ ਤੱਕ ਕਰੀਬ 25 ਫੁੱਟ ਹੋਣ ਦੇ ਬਾਵਜੂਦ ਮਿੱਟੀ ਭਰੀ ਹੋਣ ਕਾਰਨ ਸਿਰਫ 10 ਫੁੱਟ ਹੀ ਰਹਿ ਗਈ ਹੈ, ਜਦੋਂ ਕਿ ਪਟਿਆਲਾ ਨਦੀ ’ਤੇ ਪਿੰਡ ਸਰੋਲਾ ਨੇੜੇ ਬਣੇ ਘੱਗਰ ਦੇ ਸਾਈਫਨ ਮਿੱਟੀ ਨਾਲ 65 ਫੀਸਦੀ ਭਰੇ ਪਏ ਹਨ। ਹਰਿਆਣਾ ਸਰਕਾਰ ਨੇ 16 ਜੂਨ ਤੋਂ ਸਫ਼ਾਈ ਦਾ ਕੰਮ ਮੱਠੀ ਰਫ਼ਤਾਰ ਨਾਲ ਸ਼ੁਰੂ ਕੀਤਾ ਹੈ, ਜਿਸ ਹਿਸਾਬ ਨਾਲ ਅਗਲੇ ਘੱਟੋ ਘੱਟ ਅੱਠ ਨੌ ਮਹੀਨਿਆਂ ਤੱਕ ਵੀ ਇਹ ਕੰਮ ਮੁਕੰਮਲ ਨਹੀਂ ਹੋ ਸਕਦਾ। ਕਾਮਰੇਡ ਧਨੇਠਾ ਨੇ ਹਰਿਆਣਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਹਰਿਆਣਾ ਸਰਕਾਰ ਨੇ ਹਾਂਸੀ-ਬੁਟਾਣਾ ਨਹਿਰ ਦੀ ਉਸਾਰੀ ਕਰਕੇ ਘੱਗਰ ਦਾ ਦੂਜਾ ਬੰਨ੍ਹ ਬਣਾ ਕੇ ਹਰਿਆਣਾ ਰਾਜ ਨੂੰ ਹੜ੍ਹਾਂ ਦੇ ਪਾਣੀ ਦੀ ਮਾਰ ਤੋਂ ਸੁਰੱਖਿਅਤ ਕਰਨ ਦਾ ਕੰਮ ਕੀਤਾ ਹੈ, ਜਿਸ ਨਾਲ ਪੰਜਾਬ ਦੇ ਪਿੰਡਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਉਨਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਕਈ ਮਹੀਨੇ ਪਹਿਲਾਂ ਸਾਈਫਨਾਂ ਦੀ ਸਫ਼ਾਈ ਲਈ ਜੋ ਟੈਂਡਰ ਕੱਢੇ ਸੀ ਉਨ੍ਹਾਂ ਮੁਤਾਬਿਕ 3 ਜੁਲਾਈ ਤੱਕ ਸਫ਼ਾਈ ਦਾ ਕੰਮ ਮੁਕੰਮਲ ਕਰਨਾ ਹੈ ਪਰ ਬਰਸਾਤਾਂ ਦੇ ਬਿਲਕੁਲ ਨੇੜੇ ਆਉਣ ’ਤੇ ਹੀ ਹਰ ਵਾਰ ਇਹ ਕੰਮ ਕਿਉਂ ਸ਼ੁਰੂ ਕੀਤਾ ਜਾਂਦਾ ਹੈ, ਜੋ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਸਰੋਲਾ ਸਾਈਫਨ ਨੇੜਿਓਂ ਰਿੰਗ ਬੰਨ੍ਹ ਟੁੱਟ ਗਿਆ ਸੀ, ਜਿਸ ਨੂੰ ਮਜ਼ਬੂਤ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਪਟਿਆਲਾ ਤੇ ਕੈਥਲ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾ ਤੋਂ ਮੰਗ ਕੀਤੀ ਹੈ ਕਿ ਦੋਵੇਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਇਨ੍ਹਾਂ ਸਾਈਫਨਾਂ ਦੀ ਸਫ਼ਾਈ ਵੱਲ ਖਾਸ ਧਿਆਨ ਦੇ ਕੇ ਬਰਸਾਤਾਂ ਤੋਂ ਪਹਿਲਾਂ-ਪਹਿਲਾਂ ਕੰਮ ਮੁਕੰਮਲ ਕਰਵਾਉਣ।

Related Post

Instagram