July 6, 2024 01:55:32
post

Jasbeer Singh

(Chief Editor)

Patiala News

ਹਾਈਵੇਅ ਦੇ ਦੋਵੇਂ ਪਾਸੇ ਸਲਿੱਪ ਰੋਡ ਮੁਕੰਮਲ ਕਰਾਂਗੇ: ਭਗਵੰਤ ਮਾਨ

post-img

ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਦੇ ਨਾਨਕੇ ਪਿੰਡ ਬਡਰੁੱਖਾਂ ਵਿਖੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪਿੰਡ ਬਡਰੁੱਖਾਂ ਵਿੱਚ ਪਿੰਡ ਵਾਸੀਆਂ ਦੀ ਮੰਗ ’ਤੇ ‘ਮਿਨੀ ਪੈਲੇਸ’ ਬਣਾਇਆ ਜਾਵੇਗਾ, ਸੰਗਰੂਰ ਤੋਂ ਮਸਤੂਆਣਾ ਸਾਹਿਬ ਤੱਕ ਕੌਮੀ ਹਾਈਵੇਅ ਦੇ ਦੋਵੇਂ ਪਾਸੇ ਕੁਝ ਹਿੱਸੇ ਵਿੱਚ ਰਹਿੰਦੀ ਸਲਿੱਪ ਰੋਡ ਨੂੰ ਮੁਕੰਮਲ ਕੀਤਾ ਜਾਵੇਗਾ ਅਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿੰਡ ਬਡਰੁੱਖਾਂ ਦੇ ਨੌਜਵਾਨ ਆਗੂ ਤੇ ਟਰੱਕ ਯੂਨੀਅਨ ਸੰਗਰੂਰ ਦੇ ਸਾਬਕਾ ਪ੍ਰਧਾਨ ਰਣਦੀਪ ਸਿੰਘ ਮਿੰਟੂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਜਿਨ੍ਹਾਂ ਦਾ ਇਹ ਜੱਦੀ ਪਿੰਡ ਵੀ ਹੈ, ਨੇ ਦੱਸਿਆ ਕਿ ਪਿੰਡ ਦੇ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇੱਕ ਕਰੋੜ ਰੁਪਏ ਦੀ ਗਰਾਂਟ ਪਹਿਲਾਂ ਹੀ ਮਨਜ਼ੂਰ ਹੋ ਚੁੱਕੀ ਹੈ ਅਤੇ ਪਿੰਡ ਦਾ ਕੋਈ ਵੀ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪੁਰਾਣੇ ਮਿੱਤਰ ਗੀਤਕਾਰ ਬਚਨ ਬੇਦਿਲ ਨੂੰ ਮਿਲੇ ਅਤੇ ਆਪਣੇ ਨਾਲ ਸਮਾਗਮ ਵਿਚ ਲੈ ਕੇ ਗਏ। ਇਸ ਮੌਕੇ ਪਿੰਡ ਦੇ ‘ਆਪ’ ਆਗੂਆਂ ’ਚ ਰਣਦੀਪ ਸਿੰਘ ਮਿੰਟੂ ਤੋਂ ਇਲਾਵਾ ਕਾਲਾ ਬਡਰੁੱਖਾਂ, ਗੁਰਦੀਪ ਸਿੰਘ ਸੰਧੂ, ਕਾਲਾ ਬਡਰੁੱਖਾਂ, ਜੱਸੀ ਬਡਰੁੱਖਾਂ, ਕਰਮਜੀਤ ਸਿੰਘ, ਜੁਪਿੰਦਰ ਜੋਤੀ, ਬਲਦੇਵ ਸਿੰਘ, ਸੁੱਖ ਸਾਹੋਕੇ ਅਤੇ ਦਵਿੰਦਰ ਸਿੰਘ ਬੁੱਗਰਾਂ ਮੌਜੂਦ ਸਨ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਨਤਮਸਤਕ ਹੋਏ। ਇਸ ਮੌਕੇ ਮੁੱਖ ਗ੍ਰੰਥੀ ਬਾਬਾ ਸੁਖਦੇਵ ਸਿੰਘ ਅਤੇ ਅਕਾਲ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵਲੋਂ ਮੁੱਖ ਮੰਤਰੀ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਜੰਟ ਸਿੰਘ ਦੁੱਗਾਂ, ਗੁਰਿੰਦਰ ਸਿੰਘ ਚੌਹਾਨ, ਸਿਆਸਤ ਸਿੰਘ ਦੁੱਗਾਂ, ਜਸਪਾਲ ਸਿੰਘ ਸਿੱਧੂ ਤੇ ਸਤਨਾਮ ਸਿੰਘ ਮੌਜੂਦ ਸਨ।

Related Post