post

Jasbeer Singh

(Chief Editor)

Patiala News

ਜਦੋਂ 10 ਮਿੰਟ ਲਈ ਸੰਗਰੂਰ ਸ਼ਹਿਰ ਵਿੱਚ ਪਸਰਿਆ ਰਿਹਾ ਘੁੱਪ ਹਨੇਰਾ

post-img

ਜਦੋਂ 10 ਮਿੰਟ ਲਈ ਸੰਗਰੂਰ ਸ਼ਹਿਰ ਵਿੱਚ ਪਸਰਿਆ ਰਿਹਾ ਘੁੱਪ ਹਨੇਰਾ - ਕਰੈਸ਼ ਬਲੈਕਆਉਟ ਡ੍ਰਿਲ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ - ਡਿਪਟੀ ਕਮਿਸ਼ਨਰ ਟੀ ਬੈਨਿਥ - ਐਸ ਐਸ ਪੀ ਸਰਤਾਜ ਸਿੰਘ ਚਾਹਲ ਅਤੇ ਹੋਰ ਪੁਲਿਸ ਅਧਿਕਾਰੀ ਵੀ ਡ੍ਰਿਲ ਦੌਰਾਨ ਫੀਲਡ ਵਿੱਚ ਰਹੇ - ਜ਼ਿਲ੍ਹੇ ਦੇ ਸਾਈਬਰ ਸੈੱਲ ਨੂੰ ਅਫਵਾਹਾਂ ਦੇ ਫੈਲਾਅ ਦੀ ਨਿਗਰਾਨੀ ਅਤੇ ਰੋਕਥਾਮ ਲਈ ਅਲਰਟ 'ਤੇ ਰੱਖਿਆ - ਐਸ ਐਸ ਪੀ ਸਰਤਾਜ ਸਿੰਘ ਚਾਹਲ ਸੰਗਰੂਰ, 8 ਮਈ : ਜ਼ਿਲ੍ਹਾ ਸੰਗਰੂਰ ਨੇ ਬੁੱਧਵਾਰ ਸ਼ਾਮ ਨੂੰ ਸਿਵਲ ਡਿਫੈਂਸ ਉਪਾਅ ਦੇ ਹਿੱਸੇ ਵਜੋਂ ਸ਼ਾਮ 8:30 ਵਜੇ ਤੋਂ ਸ਼ਾਮ 8:40 ਵਜੇ ਤੱਕ ਕਰੈਸ਼ ਬਲੈਕਆਉਟ ਅਭਿਆਸ ਕੀਤਾ, ਜਿਸ ਦੌਰਾਨ ਲਾਈਟਾਂ ਬੰਦ ਰੱਖੀਆਂ ਗਈਆਂ। ਇਸ ਤਰ੍ਹਾਂ ਪੂਰੇ ਸੰਗਰੂਰ ਸ਼ਹਿਰ ਵਿੱਚ 10 ਮਿੰਟ ਲਈ ਘੁੱਪ ਹਨੇਰਾ ਪਸਰਿਆ ਰਿਹਾ । ਡਿਪਟੀ ਕਮਿਸ਼ਨਰ ਸ਼੍ਰੀ ਟੀ ਬੈਨਿਥ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਬੈਂਬੀ ਨੇ ਦੱਸਿਆ ਕਿ ਬਲੈਕਆਉਟ ਡ੍ਰਿਲ ਪੂਰੇ ਸੰਗਰੂਰ ਸ਼ਹਿਰ (ਸਿਵਲ ਹਸਪਤਾਲ ਖੇਤਰ ਛੱਡ ਕੇ) ਵਿੱਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਭਿਆਸ ਦਾ ਉਦੇਸ਼ ਸੰਭਾਵੀ ਹਵਾਈ ਹਮਲਿਆਂ ਜਾਂ ਯੁੱਧ ਵਰਗੀਆਂ ਸਥਿਤੀਆਂ ਦੌਰਾਨ ਐਮਰਜੈਂਸੀ ਪ੍ਰਤੀਕਿਰਿਆ ਲਈ ਵਸਨੀਕਾਂ ਨੂੰ ਤਿਆਰ ਕਰਨਾ ਸੀ । ਪ੍ਰੋਟੋਕੋਲ ਬਾਰੇ ਦੱਸਦੇ ਹੋਏ, ਉਹਨਾਂ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ, ਸਾਰੀਆਂ ਲਾਈਟਾਂ, ਇਨਵਰਟਰ ਅਤੇ ਜਨਰੇਟਰ ਪੂਰੀ ਤਰ੍ਹਾਂ ਬੰਦ ਕਰ ਦੇਣੇ ਚਾਹੀਦੇ ਹਨ । ਆਟੋ-ਆਨ ਸੋਲਰ/ਸੀ ਸੀ ਟੀ ਵੀ ਲਾਈਟਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਵਾਹਨਾਂ ਨੂੰ ਸੜਕ ਦੇ ਕਿਨਾਰੇ ਖੜ੍ਹਾ ਕਰਕੇ, ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਹਵਾਈ ਹਮਲਿਆਂ ਦੌਰਾਨ ਸੰਭਾਵੀ ਟਾਰਗੇਟ ਬਣਨ ਤੋਂ ਬਚਣ ਲਈ ਕਰੈਸ਼ ਬਲੈਕਆਉਟ ਇੱਕ ਮਹੱਤਵਪੂਰਨ ਐਮਰਜੈਂਸੀ ਉਪਾਅ ਸਮਝਿਆ ਜਾਂਦਾ ਹੈ । ਉਹਨਾਂ ਨੇ ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਹਵਾਈ ਹਮਲੇ ਦੀ ਸਥਿਤੀ ਵਿੱਚ ਜ਼ਮੀਨੀ ਮੰਜ਼ਿਲਾਂ ਜਾਂ ਭੂਮੀਗਤ ਆਸਰਾ ਸਥਾਨਾਂ ਵਿੱਚ ਜਾਣ ਦੀ ਸਲਾਹ ਵੀ ਦਿੱਤੀ। ਜਿਨ੍ਹਾਂ ਲੋਕਾਂ ਨੂੰ ਤੁਰੰਤ ਕੋਈ ਆਸਰਾ ਨਹੀਂ ਮਿਲਦਾ, ਉਨ੍ਹਾਂ ਨੂੰ ਦਰੱਖਤਾਂ ਹੇਠ ਸਹਾਰਾ ਲੈਣ ਦੀ ਸਲਾਹ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਜਿਹੀਆਂ ਹੰਗਾਮੀ ਹਾਲਤਾਂ ਨਾਲ ਨਜਿੱਠਣ ਦਾ ਅਭਿਆਸ ਕੀਤਾ ਹੋਵੇਗਾ ਤਾਂ ਸਾਨੂੰ ਇਸ ਦਾ ਸਵੈ ਰੱਖਿਆ ਦੌਰਾਨ ਵੱਡਾ ਲਾਭ ਮਿਲੇਗਾ । ਡਿਪਟੀ ਕਮਿਸ਼ਨਰ ਨੇ ਕਰੈਸ਼ ਬਲੈਕਆਉਟ ਡ੍ਰਿਲ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਉਮੀਦ ਕੀਤੀ ਕਿ ਉਹ ਭਵਿੱਖ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ । ਇਸ ਤੋਂ ਇਲਾਵਾ, ਐਸ ਐਸ ਪੀ ਸ੍ਰ ਸਰਤਾਜ ਸਿੰਘ ਚਾਹਲ ਨੇ ਸੋਸ਼ਲ ਮੀਡੀਆ 'ਤੇ ਗਲਤ ਜਾਣਕਾਰੀ ਅਤੇ ਭੜਕਾਊ ਸੰਦੇਸ਼ ਫੈਲਾਉਣ ਵਿਰੁੱਧ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਸਾਨੂੰ ਗੈਰ-ਪ੍ਰਮਾਣਿਤ ਸੰਦੇਸ਼ਾਂ ਨੂੰ ਅੱਗੇ ਭੇਜਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ ਦਹਿਸ਼ਤ ਫੈਲਾ ਸਕਦੇ ਹਨ ਅਤੇ ਸਮਾਜਿਕ ਸਦਭਾਵਨਾ ਨੂੰ ਵਿਗਾੜ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਈਬਰ ਸੈੱਲ ਨੂੰ ਅਫਵਾਹਾਂ ਦੇ ਫੈਲਾਅ ਦੀ ਨਿਗਰਾਨੀ ਅਤੇ ਰੋਕਥਾਮ ਲਈ ਅਲਰਟ 'ਤੇ ਰੱਖਿਆ ਗਿਆ ਹੈ।

Related Post