July 6, 2024 01:44:39
post

Jasbeer Singh

(Chief Editor)

National

ਦੇਸ਼ ਵਾਸੀਆਂ ਨਾਲ ਮਿਲ ਕੇ ਤਾਨਾਸ਼ਾਹੀ ਖ਼ਿਲਾਫ਼ ਲੜਾਂਗੇ: ਕੇਜਰੀਵਾਲ

post-img

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ’ਚੋਂ ਨਿਕਲਦੇ ਹੀ ‘ਆਪ’ ਦੇ ਕਾਰਕੁਨਾਂ ਨੂੰ ਸੰਦੇਸ਼ ਦਿੱਤਾ ਕਿ ਦੇਸ਼ ਦੇ 140 ਕਰੋੜ ਵਾਸੀਆਂ ਨਾਲ ਮਿਲ ਕੇ ਤਾਨਾਸ਼ਾਹੀ ਖਿਲਾਫ ਲੜਨਾ ਹੈ। ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਮਗਰੋਂ ਤਿਹਾੜ ਜੇਲ੍ਹ ’ਚੋਂ ਗੇਟ ਨੰਬਰ ਚਾਰ ਤੋਂ ਬਾਹਰ ਬਾਹਰ ਕਾਰਾਂ ਦੇ ਕਾਫਲੇ ਦੇ ਰੂਪ ਵਿੱਚ ਆਪਣੀ ਸਰਕਾਰੀ ਰਿਹਾਇਸ਼ ਲਈ ਰਵਾਨਾ ਹੋਏ ਕੇਜਰੀਵਾਲ ਨੇ ਰਾਹ ਵਿੱਚ ਪਾਰਟੀ ਵਰਕਰਾਂ ਨੂੰ ਸੰਖੇਪ ਸੰਬੋਧਨ ਕੀਤਾ। ਉਹਨਾਂ ਕਿਹਾ, ‘ਮੈਂ ਹਨੁਮਾਨ ਜੀ ਦੇ ਚਰਨਾਂ ’ਚ ਵੰਦਨਾ ਕਰਨਾ ਚਾਹੁੰਦਾ ਹਾਂ ਤੇ ਉਨ੍ਹਾਂ ਦੇ ਅਸ਼ੀਰਵਾਦ ਨਾਲ ਤੁਹਾਡੇ ਵਿੱਚ ਹਾਂ। ਤੁਹਾਡੇ ਵਿੱਚ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ।’’ ਕੇਜਰੀਵਾਲ ਨੇ ਕਿਹਾ ਕਿ ਭਲਕੇ ਉਹ 11 ਵਜੇ ਕਨਾਟ ਪਲੇਸ ਸਥਿਤ ਹਨੁਮਾਨ ਮੰਦਰ ਵਿਖੇ ਪੂਜਾ ਕਰਨਗੇ। ਉਨ੍ਹਾਂ ਕਿਹਾ ਕਿ ਭਲਕੇ ’ਆਪ’ ਦੇ ਕੌਮੀ ਹੈਡ ਕੁਆਰਟਰ ਵਿਖੇ ਇਕ ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ ਬਾਕੀ ਗੱਲ ਕੀਤੀ ਜਾਵੇਗੀ। ਤਿਹਾੜ ਜੇਲ੍ਹ ਵਿੱਚੋਂ ਕਾਰ ਰਾਹੀਂ ਬਾਹਰ ਆਉਂਦਿਆਂ ਹੋਏ ਉਹਨਾਂ ਨਾਲ ਸ਼੍ਰੀਮਤੀ ਸੁਨੀਤਾ ਕੇਜਰੀਵਾਲ, ਆਮ ਆਦਮੀ ਪਾਰਟੀ ਦੇ ਸੰਗਠਨ ਸਕੱਤਰ ਡਾ ਸੰਦੀਪ ਪਾਠਕ ਵੀ ਸਨ। ਉਹ ਜੇਲ੍ਹ ਦੇ ਗੇਟ ਨੰਬਰ ਚਾਰ ਤੋਂ ਸਰਕਾਰੀ ਰਿਹਾਇਸ਼ ਲਈ ਰਵਾਨਾ ਹੋਏ। ਜਦੋਂ ਕਿ ਤਿਹਾੜ ਜੇਲ੍ਹ ਦੇ ਗੇਟ ਨੰਬਰ 1 ਉਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਵੱਡੀ ਗਿਣਤੀ ‘ਚ ਸਮਰਥਕ ਵੀ ਉੱਥੇ ਖੜ੍ਹੇ ਸਨ। ਦੇਰ ਸ਼ਾਮ ਉਨ੍ਹਾਂ ਦੀ ਰਿਹਾਇਸ਼ ਉਪਰ ਜਸ਼ਨ ਦਾ ਮਾਹੌਲ ਸੀ। ਮੁੱਖ ਗੇਟ ਅੱਗੇ ਪਟਾਕੇ ਚਲਾਏ ਗਏ ਤੇ ਗੇਂਦੇ ਦੇ ਫੁੱਲਾਂ ਨਾਲ ਸੜਕ ਨੂੰ ਢੱਕ ਕੇ ਸਵਾਗਤੀ ਤਿਆਰੀ ਕੀਤੀ ਗਈ।

Related Post